ਦਿੱਲੀ ਵਿੱਚ ਤੇਲ ਦੀਆਂ ਕੀਮਤਾਂ ਗੁਆਂਢੀ ਇਲਾਕਿਆਂ ਤੋਂ ਵੱਧ

06

October

2018

ਨਵੀਂ ਦਿੱਲੀ, ਭਾਜਪਾ ਦੀ ਸੱਤਾ ਵਾਲੀਆਂ ਰਾਜ ਸਰਕਾਰਾਂ ਵੱਲੋਂ ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤੀ ਗਈ ਕਮੀ ਮਗਰੋਂ ਜਿੱਥੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਖੇਤਰਾਂ (ਐਨਸੀਆਰ) ਵਿੱਚ ਪੈਟਰੋਲ ਤੇ ਡੀਜ਼ਲ ਸਸਤੇ ਹੋ ਗਏ ਹਨ ਉੱਥੇ ਹੀ ਦਿੱਲੀ ਵਿੱਚ ਫਿਲਹਾਲ ਇਨ੍ਹਾਂ ਉਪਤਾਦਾਂ ਦੀਆਂ ਕੀਮਤਾਂ ਗੁਆਂਢੀ ਇਲਾਕਿਆਂ ਤੋਂ ਵੱਧ ਹਨ। ਇਸ ਤਰ੍ਹਾਂ ਦਿੱਲੀ ਸਰਕਾਰ ਉਪਰ ਵੀ ਹੁਣ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਲਈ ਵੈਟ ਘਟਾਉਣ ਦਾ ਦਬਾਅ ਬਣ ਗਿਆ ਹੈ। ਬੀਤੀ ਸ਼ਾਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਤੋਂ ਮੰਗ ਕੀਤੀ ਸੀ ਕਿ ਉਹ ਤੇਲ ਦੀਆਂ ਕੀਮਤਾਂ 10 ਰੁਪਏ ਘਟਾਉਣ। ਕੀਮਤਾਂ ਦੇ ਵਾਧੇ ਦਾ ਅਸਰ ਐਨਸੀਆਰ ਦੇ ਉਨ੍ਹਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੋ ਦਿੱਲੀ ਦੀ ਹੱਦ ਨਾਲ ਲੱਗਦੇ ਹਨ। ਦਿੱਲੀ ਦੇ ਯੂਪੀ, ਹਰਿਆਣਾ ਦੀ ਹੱਦ ਨਾਲ ਲੱਗਦੇ ਪੈਟਰੋਲ ਪੰਪਾਂ ਦੀ ਪੈਟਰੋਲ ਤੇ ਡੀਜ਼ਲ ਦੀ ਗੁਆਂਢੀ ਸੂਬਿਆਂ ਦੇ ਹੱਦ ਉਪਰ ਪੈਂਦੇ ਪੰਪਾਂ ’ਤੇ ਵਿਕਰੀ ਘਟੀ ਹੈ। ਦਿੱਲੀ ਦੇ ਗੁਆਂਢੀ ਸੂਬਿਆਂ ਹਰਿਆਣਾ ਜੋ ਦਿੱਲੀ ਨੂੰ ਤਿੰਨ ਪਾਸਿਉਂ ਘੇਰਦਾ ਹੈ ਤੇ ਯੂਪੀ ਜੋ ਦਿੱਲੀ ਨੂੰ ਉੱਤਰ-ਪੂਰਬੀ ਇਲਾਕਿਆਂ ਤੋਂ ਘੇਰਦੀ ਹੈ ਉੱਥੇ ਦਿੱਲੀ ਨਾਲੋਂ 2.50 ਪੈਸੇ ਸਸਤੇ ਪੈਟਰੋਲ ਡੀਜ਼ਲ ਮਿਲ ਰਹੇ ਹਨ।