ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅੱਜ ਤੋਂ ਰਜਿਸਟਰੇਸ਼ਨ ਸ਼ੁਰੂ , ਸੇਵਾ ਕੇਂਦਰਾਂ ‘ਤੇ ਸ਼ਰਧਾਲੂਆਂ ਦੀਆਂ ਲੱਗੀਆਂ ਲਾਇਨਾਂ

01

November

2019

ਅੰਮ੍ਰਿਤਸਰ : ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਇੱਛੁਕ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਸਥਾਪਤ ਸੇਵਾ ਕੇਂਦਰਾਂ ਰਾਹੀਂ ਕਰਨ ਦਾ ਫੈਸਲਾ ਕੀਤਾ ਹੈ। ਜਿਸ ਕਰਕੇ ਅੱਜ ਤੋਂ ਸੂਬੇ ਭਰ ‘ਚ ਸਥਾਪਤ ਸੇਵਾ ਕੇਂਦਰਾਂ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਸ਼ੁਰੂ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਜ਼ਿਲ੍ਹੇ ‘ਚ ਬਣੇ ਸੇਵਾ ਕੇਂਦਰਾਂ ਰਾਹੀਂ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਵੀ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੇ ਇੱਛੁਕ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਲਈ ਪੋਰਟਲ ਸ਼ੁਰੂ ਕੀਤਾ ਹੈ। ਇਨ੍ਹਾਂ ਕੇਂਦਰਾਂ ‘ਚ ਰਜਿਸਟਰੇਸ਼ਨ ਬਿਲਕੁਲ ਮੁਫ਼ਤ ਕੀਤੀ ਜਾਵੇਗੀ ਅਤੇ ਫਾਰਮ ਵੀ ਸੇਵਾ ਕੇਂਦਰਾਂ ਤੋਂ ਹੀ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਇਸ ਦੌਰਾਨ ਰਜਿਸਟਰੇਸ਼ਨ ਫਾਰਮ ਭਰਵਾਉਣ ਲਈ ਸਿਰਫ਼ 20 ਰੁਪਏ ਪ੍ਰਤੀ ਫਾਰਮ ਫ਼ੀਸ ਵਸੂਲੀ ਜਾਵੇਗੀ। ਪਰ ਜੇਕਰ ਕੋਈ ਸ਼ਰਧਾਲੂ ਖ਼ੁਦ ਫਾਰਮ ਭਰਦਾ ਹੈ ਜਾਂ ਬਾਹਰੋਂ ਭਰਵਾ ਕੇ ਜਮਾਂ ਕਰਵਾਉਂਦਾ ਹੈ ਉਸ ਕੋਲੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ। ਰਜਿਸਟਰੇਸ਼ਨ ਕਰਵਾਉਣ ਲਈ ਸੁਵਿਧਾ ਕੇਂਦਰਾਂ ਵਿਚ ਐਪਲੀਕੇਸ਼ਨ ਫਾਰਮ ਅਤੇ ਪਾਸਪੋਰਟ ਸਾਈਟ ਫ਼ੋਟੋ ਜਮ੍ਹਾ ਕਰਵਾਉਣੀ ਹੋਵੇਗੀ ਅਤੇ ਕਿਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਪੰਜਾਬ ਰਾਜ ਈ-ਗਰਵਨੈਂਨਸ ਸੁਸਾਇਟੀ ਦੇ ਹੈਲਪ ਲਾਈਨ ਨੰ: 8283842323 ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਟਵੀਟ ਕਰਕੇ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੰਦਿਆਂ ਪਾਸਪੋਰਟ ਤੋਂ ਛੋਟ ਦਿੱਤੀ ਹੈ। ਹੁਣ ਭਾਰਤ ਤੋਂ ਕਰਤਾਰਪੁਰ ਸਾਹਿਬ, ਪਾਕਿਸਤਾਨ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਸਪੋਰਟ ਲਿਆਉਣ ਦੀ ਲੋੜ ਨਹੀਂ ਅਤੇ ਸਿਰਫ ਉਨਾਂ ਨੂੰ ਵੈਧ ਪਛਾਣ ਪੱਤਰ ਦੀ ਲੋੜ ਪਵੇਗੀ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਾਉਣ ਦੀ ਵੀ ਲੋੜ ਨਹੀਂ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਲਾਂਘੇ ਦੇ ਉਦਘਾਟਨ ‘ਤੇ 550ਵੇਂ ਪ੍ਰਕਾਸ਼ ਪੁਰਬ ਮੌਕੇ ਫੀਸ ਨਹੀਂ ਲੱਗੇਗੀ।