ਦਿੱਲੀ ਹਵਾਈ ਅੱਡੇ 'ਤੇ ਸ਼ੱਕੀ ਹਾਲਾਤ 'ਚ ਮਿਲਿਆ ਬੈਗ, ਖ਼ਤਰਨਾਕ ਵਿਸਫੋਕਟ ਹੋਣ ਦਾ ਖਦਸ਼ਾ, ਮਚੀ ਭਾਜੜ

01

November

2019

ਨਵੀਂ ਦਿੱਲੀ (ਏਜੰਸੀ) : ਦੇਸ਼ ਦੀ ਰਾਜਧਾਨੀ 'ਤੇ ਅੱਤਵਾਦੀ ਹਮਲਿਆਂ ਦੇ ਖਦਸ਼ੇ ਦੌਰਾਨ ਦਿੱਲੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ (Indira Gandhi International Airport) ਦੇ ਟਰਮੀਨਲ 3 'ਤੇ ਇਕ ਅਣਜਾਨ ਸ਼ਖ਼ਸ ਦਾ ਬੈਗ਼ ਸ਼ੱਕੀ ਹਾਲਾਤ 'ਚ ਮਿਲਣ 'ਤੇ ਭਾਜੜ ਮਚੀ ਹੋਈ ਹੈ। ਉੱਥੇ ਹੀ ਇਸ ਦੀ ਜਾਣਕਾਰੀ ਲੱਗਣ 'ਤੇ ਦਿੱਲੀ ਪੁਲਿਸ ਨੇ ਬੈਗ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਤੇਜ਼ ਕਰ ਦਿੱਤੀ ਹੈ। ਸਾਵਧਾਨੀ ਤੇ ਸੁਰੱਖਿਆ ਦੇ ਮੱਦੇਨਜ਼ਰ ਟਰਮੀਨਲ-3 ਦੇ ਸਾਹਮਣੇ ਵਾਲੀ ਸੜਕ ਵੀ ਫਿਲਹਾਲ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਾਂਚ ਦੇ ਮੱਦੇਨਜ਼ਰ ਏਅਰਪੋਰਟ 'ਤੇ ਯਾਤਰੀਆਂ ਨੂੰ ਟਰਮੀਨਲ-3 ਤੋਂ ਡੂੰਘੀ ਜਾਂਚ ਦੇ ਬਾਅਦ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਨਿਊਜ਼ ਏਜੰਸੀ ਏਐੱਨਆਈ ਮੁਤਾਬਿਕ ਏਅਰਪੋਰਟ ਦੇ ਟਰਮੀਨਲ-3 'ਤੇ ਸ਼ੱਕੀ ਹਾਲਾਤ 'ਚ ਬੈਗ ਮਿਲਣ 'ਤੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਉੱਥੇ ਪਹੁੰਚੀ ਪੁਲਿਸ ਨੇ ਬੈਗ ਕਬਜ਼ੇ 'ਚ ਲੈ ਲਿਆ। ਜਾਂਚ 'ਚ ਜੁਟੀ ਪੁਲਿਸ ਨੇ ਇਹ ਖੁ਼ਲਾਸਾ ਨਹੀਂ ਕੀਤਾ ਹੈ ਕਿ ਆਖ਼ਿਰ ਇਸ ਬੈਗ 'ਚ ਮਿਲਿਆ ਕੀ ਹੈ? ਇੱਥੇ ਦੱਸ ਦੇਈਏ ਕਿ ਬੀਤੇ ਦਿਨੀਂ ਖ਼ੁਫ਼ਿਆ ਜਾਣਕਾਰੀ ਸਾਹਮਣੇ ਆਈ ਸੀ ਕਿ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ 'ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਅਸਲ ਵਿਚ ਰਾਸ਼ਟਰੀ ਜਾਂਚ ਏਜੰਸੀ (National Investigation Agency) ਨੂੰ ਇਕ ਗੁੰਮਨਾਮ ਚਿੱਠੀ ਮਿਲੀ ਸੀ ਜਿਸ ਵਿਚ ਇਨ੍ਹਾਂ ਸਾਰੀਆਂ ਸ਼ਖ਼ਸੀਅਤਾਂ 'ਤੇ ਅੱਤਵਾਦੀ ਹਮਲਿਆਂ ਦਾ ਜ਼ਿਕਰ ਕੀਤਾ ਗਿਆ ਸੀ।