LPG ਸਿਲੰਡਰ ਹੋਇਆ 76.50 ਰੁਪਏ ਮਹਿੰਗਾ, ਜਾਣੋ ਤੁਹਾਡੇ ਸ਼ਹਿਰ 'ਚ ਹੁਣ ਕੀ ਹੋਣਗੀਆਂ ਕੀਮਤਾਂ

01

November

2019

ਨਵੀਂ ਦਿੱਲੀ : ਦੀਵਾਲੀ ਖ਼ਤਮ ਨਹੀਂ ਹੋਈ ਤੇ ਦੀਵਾਲਾ ਨਿਕਲਣ ਦੀ ਤਿਆਰੀ ਹੋ ਰਹੀ ਹੈ। ਦੇਸ਼ ਦੀਆਂ ਤੇਲ ਕੰਪਨੀਆਂ ਨੇ 1 ਨਵੰਬਰ ਤੋਂ ਐੱਲਪੀਜੀ ਸਿਲੰਡਰਾਂ ਦੀ ਕੀਮਤਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ, ਇਹ ਵਾਧਾ ਥੋੜ੍ਹਾ ਨਹੀਂ ਬਲਕਿ ਬਹੁਤ ਜ਼ਿਆਦਾ ਹੋਇਆ ਹੈ। 1 ਨਵੰਬਰ ਤੋਂ ਰਾਜਧਾਨੀ ਦਿੱਲੀ 'ਚ 14.2 ਕਿਲੋ ਵਾਲਾ ਸਿਲੰਡਰ ਅੱਜ ਤੋਂ 681.50 ਰੁਪਏ 'ਚ ਮਿਲੇਗਾ। ਪਿਛਲੇ ਮਹੀਨੇ ਤਕ ਇਹ 605 ਰੁਪਏ 'ਚ ਮਿਲ ਰਿਹਾ ਸੀ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਘੇਰਲੂ ਗੈਸ ਸਿਲੰਡਰ ਦੇ ਕੀਮਤਾਂ 'ਚ ਵਾਧਾ ਕੀਤਾ ਹੈ। ਜਿੱਥੇ ਤਕ ਕਮਰਸ਼ੀਅਲ ਸਿਲੰਡਰ ਦਾ ਸਵਾਲ ਹੈ ਤਾਂ ਇਸ ਦੀ ਕੀਮਤ 119 ਰੁਪਏ ਵੱਧ ਗਈ ਹੈ। ਇਸ ਤੋਂ ਬਾਅਦ ਦਿੱਲੀ 'ਚ ਇਹ 1204 ਰੁਪਏ ਦਾ ਹੋਵੇਗਾ। ਪੰਜ ਕਿਲੋ ਵਾਲੇ ਸਿਲੰਡਰ ਦੀ ਕੀਮਤ 'ਚ 264.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਐੱਲਪੀਜੀ ਸਿਲੰਡਰਾਂ ਦੀ ਕੀਮਤਾਂ 'ਚ ਵਾਧਾ ਕੀਤਾ ਹੈ। ਸਤੰਬਰ 'ਚ ਦਿੱਲੀ 'ਚ ਗੈਸ ਸਿਲੰਡਰ 590 ਰੁਪਏ 'ਚ ਮਿਲ ਰਿਹਾ ਸੀ ਉੱਥੇ ਅਕਤੂਬਰ 'ਚ ਇਹ ਵੱਧ ਕੇ 605 ਰੁਪਏ ਹੋ ਗਿਆ। ਪਿਛਲੇ ਤਿੰਨ ਮਹੀਨਿਆਂ 'ਚ ਐੱਲਪੀਜੀ ਸਿਲੰਡਰਾਂ ਦੀ ਕੀਮਤ 105 ਰੁਪਏ ਵੱਧ ਗਈ ਹੈ। ਪੰਜਾਬ ਦੀ ਗੱਲ਼ ਕਰੀਏ ਤਾਂ ਸਿਲੰਡਰ ਦੀ ਕੀਮਤ ਅੰਮ੍ਰਿਤਸਰ 'ਚ 642.50 ਰੁਪਏ, ਜਲੰਧਰ 'ਚ 632 ਰੁਪਏ ਤੇ ਲੁਧਿਆਣਾ 'ਚ 629 ਰੁਪਏ ਹੈ।