ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਅੱਤਵਾਦੀਆਂ ਨੇ 5 ਗੈਰ-ਕਸ਼ਮੀਰੀ ਮਜ਼ਦੂਰਾਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

30

October

2019

ਸ਼੍ਰੀਨਗਰ : ਜੰਮੂ-ਕਸ਼ਮੀਰ ਵਿੱਚ ਆਪਣੇ ਮਨਸੂਬਿਆਂ ਵਿੱਚ ਅਸਫਲ ਹੋ ਰਹੇ ਅੱਤਵਾਦੀ ਵਾਦੀ ਵਿੱਚ ਦਹਿਸ਼ਤ ਫੈਲਾਉਣ ਦੇ ਲਈ ਹੁਣ ਗੈਰ-ਪ੍ਰਾਂਤਕ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਵਿਚ ਸੇਬ ਵਪਾਰੀ, ਟਰੱਕ ਡਰਾਈਵਰਾਂ ਤੋਂ ਲੈ ਕੇ ਮਜ਼ਦੂਰ ਸ਼ਾਮਲ ਹਨ।ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਅੱਤਵਾਦੀਆਂ ਨੇ ਬੀਤੀ ਰਾਤ ਪੰਜ ਗੈਰ-ਕਸ਼ਮੀਰੀ ਮਜ਼ਦੂਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਅੱਤਵਾਦੀਆਂ ਨੇ ਪੁਲਵਾਮਾ ਜ਼ਿਲ੍ਹੇ ਵਿੱਚ ਛੱਤੀਸਗੜ੍ਹ ਦੇ ਇੱਕ ਭੱਠਾ ਮਜ਼ਦੂਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕਟਾਰਸੂ ਖੇਤਰ ਵਿਚ ਵਾਪਰੀ ਘਟਨਾ ਬਾਰੇ ਕਿਹਾ ਜਾਂਦਾ ਹੈ ਕਿ ਇਹ ਮਜ਼ਦੂਰ ਆਪਣਾ ਕੰਮ ਖ਼ਤਮ ਕਰਨ ਤੋਂ ਬਾਅਦ ਇਥੇ ਬੈਠੇ ਸਨ, ਇਸ ਦੌਰਾਨ ਅਚਾਨਕ ਅੱਤਵਾਦੀਆਂ ਦਾ ਇੱਕ ਗਰੁੱਪ ਉਥੇ ਪਹੁੰਚਿਆ ਅਤੇ ਸਿੱਧੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੰਜ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਮਜ਼ਦੂਰ ਨੂੰ ਗੰਭੀਰ ਹਾਲਤ ਵਿਚ ਪਹਿਲਾਂ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਬਿਹਤਰ ਇਲਾਜ ਲਈ ਸ੍ਰੀਨਗਰ ਭੇਜਿਆ ਗਿਆ। ਇਹ ਹਮਲਾ ਕਿਸ ਅੱਤਵਾਦੀ ਗਰੁੱਪ ਨੇ ਕੀਤਾ ਹੈ ,ਇਸ ਬਾਰੇ ਅਜੇ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਬਲਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਇਹ ਸਾਰੇ ਮਜ਼ਦੂਰਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ ਦੇ ਹਨ। ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਸੋਮਵਾਰ ਨੂੰ ਉਧਮਪੁਰ ਦੇ ਇਕ ਟਰੱਕ ਡਰਾਈਵਰ ਦੀ ਹੱਤਿਆ ਕਰ ਦਿੱਤੀ ਸੀ। ਪੰਜ ਅਗਸਤ ਨੂੰ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਇਹ ਚੌਥੇ ਟਰੱਕ ਡਰਾਈਵਰ ਦੀ ਹੱਤਿਆ ਹੈ। ਦੱਸ ਦੇਈਏ ਕਿ ਅੱਤਵਾਦੀਆਂ ਨੇ ਇਸ ਹੱਤਿਆਕਾਂਡ ਨੂੰ ਅਜਿਹੇ ਸਮੇਂ ਅੰਜਾਮ ਦਿੱਤਾ ਹੈ ਜਦੋਂ ਯੂਰਪੀ ਯੂਨੀਅਨ ਦੇ ਸੰਸਦ ਮੈਂਬਰਾਂ ਦਾ 23 ਮੈਂਬਰੀ ਪ੍ਰਤੀਨਿਧੀ ਮੰਡਲ ਸੂਬੇ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਦੋ ਦਿਨ ਦੇ ਦੌਰੇ ‘ਤੇ ਮੰਗਲਵਾਰ ਨੂੰ ਸ਼੍ਰੀਨਗਰ ਪਹੁੰਚਿਆ ਹੈ। ਪੰਜ ਅਗਸਤ ਨੂੰ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਕੋਈ ਵਿਦੇਸ਼ੀ ਪ੍ਰਤੀਨਿਧੀ ਮੰਡਲ ਸੂਬੇ ਦੇ ਦੌਰੇ ‘ਤੇ ਆਇਆ ਹੈ।