ਕੌਮਾਂਤਰੀ ਨਗਰ ਕੀਰਤਨ ਦਾ ਅੱਜ ਸਵੇਰੇ ਲੁਧਿਆਣਾ ਦੇ ਗਿੱਲ ਚੌਂਕ ਪਹੁੰਚਣ ‘ਤੇ ਹੋਇਆ ਭਰਵਾਂ ਸਵਾਗਤ

26

October

2019

ਲੁਧਿਆਣਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਅਗਸਤ ਨੂੰ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦਾ ਅੱਜ ਸਵੇਰੇ ਲੁਧਿਆਣਾ ਦੇ ਗਿੱਲ ਚੌਂਕ ਪਹੁੰਚਣ ‘ਤੇ ਭਰਵਾਂ ਸਵਾਗਤ ਹੋਇਆ ਹੈ। ਅੰਤਰਰਾਸ਼ਟਰੀ ਨਗਰ ਕੀਰਤਨ ਪਾਕਿਸਤਾਨ ਤੋਂ ਚੱਲ ਕੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚੋਂ ਹੁੰਦਾ ਹੋਇਆ ਬੀਤੀ ਰਾਤ ਲੁਧਿਆਣਾ ਪੁੱਜਾ ਸੀ , ਜਿੱਥੇ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋਇਆ ਹੈ। ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪੰਜ ਤਖ਼ਤ ਸਾਹਿਬਾਨ ਲਈ ਸਜਾਏ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਥਾਂ-ਥਾਂ ‘ਤੇ ਨਗਰ ਕੀਰਤਨ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਸੰਗਤਾਂ ਪੁੱਜ ਰਹੀਆਂ ਹਨ। ਵੱਖ ਵੱਖ ਪੜਾਵਾਂ ’ਤੇ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਸ਼ਰਧਾ ਪ੍ਰਗਟਾਈ ਹੈ। ਇਸੇ ਦੌਰਾਨ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿਚ ਨਗਰ ਕੀਰਤਨ ਦਾ ਸੰਗਤ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਭੇਟ ਕਰਕੇ ਸ਼ਰਧਾ ਪ੍ਰਗਟਾਈ। ਨਗਰ ਕੀਰਤਨ ਦੌਰਾਨ ਸੰਗਤ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਦੱਸਣਯੋਗ ਹੈ ਕਿ 1 ਅਗਸਤ ਦਿਨ ਵੀਰਵਾਰ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ ਅਟਾਰੀ-ਵਾਹਗਾ ਸਰਹੱਦ ਰਸਤੇ ਭਾਰਤ ‘ਚ ਦਾਖ਼ਲ ਹੋਇਆ ਸੀ। ਜਿਸ ਦੌਰਾਨ ਸੰਗਤਾਂ ਅਤੇ ਕਈ ਸਿਆਸੀ ਆਗੂਆਂ ਨੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਸੀ। ਦੇਸ਼ ਵੰਡ ਤੋਂ 72 ਸਾਲ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ ਭੂਮੀ ਸ੍ਰੀ ਨਨਕਾਣਾ ਸਾਹਿਬ ਤੋਂ ਵਾਹਗਾ ਅਟਾਰੀ ਸਰਹੱਦ ਰਾਹੀਂ ਪਹਿਲੀ ਵਾਰ ਸਜਾਇਆ ਗਿਆ ਨਗਰ ਕੀਰਤਨ ਆਪਣੇ ਆਪ ਵਿਚ ਵੱਡਾ ਇਤਿਹਾਸ ਹੈ। ਇਸ ਖ਼ਾਸ ਮੌਕੇ ਦਾ ਗਵਾਹ ਬਣਨਾ ਸਾਡੀ ਸਭ ਦੀ ਖੁਸ਼ਕਿਸਮਤੀ ਹੈ।