ਹਰਿਆਣਾ ਤੇ ਮਹਾਰਾਸ਼ਟਰ 'ਚ ਫਿਰ ਭਾਜਪਾ ਸਰਕਾਰ, ਹਰਿਆਣਾ 'ਚ ਭਾਜਪਾ ਨੂੰ ਛੇ ਆਜ਼ਾਦ ਵਿਧਾਇਕਾਂ ਦਾ ਮਿਲਿਆ ਸਾਥ

25

October

2019

ਨਵੀਂ ਦਿੱਲੀ, ਲੋਕ ਸਭਾ ਚੋਣਾਂ 'ਚ ਜ਼ਬਰਦਸਤ ਜਿੱਤ ਤੋਂ ਬਾਅਦ ਹੁਣ ਹਰਿਆਣਾ ਅਤੇ ਮਹਾਰਾਸ਼ਟਰ 'ਚ ਜਨਤਾ ਨੇ ਫਿਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਤੇ ਮੋਹਰ ਲਾ ਦਿੱਤੀ ਹੈ। ਵੀਰਵਾਰ ਨੂੰ ਆਏ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਜਪਾ ਲਈ ਅਨੁਮਾਨਾਂ ਤੋਂ ਘੱਟ ਰਹੇ, ਪਰ ਪਾਰਟੀ ਦੋਵਾਂ ਰਾਜਾਂ 'ਚ ਸਰਕਾਰ ਬਣਾਉਣ ਜਾ ਰਹੀ ਹੈ। ਹਰਿਆਣਾ 'ਚ 90 'ਚੋਂ 40 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਭਾਜਪਾ ਨੂੰ ਛੇ ਆਜ਼ਾਦ ਵਿਧਾਇਕਾਂ ਦੀ ਹਮਾਇਤ ਮਿਲੀ ਹੈ। ਮਹਾਰਾਸ਼ਟਰ 'ਚ ਐੱਨਡੀਏ ਨੂੰ ਸਪੱਸ਼ਟ ਬਹੁਮਤ ਮਹਾਰਾਸ਼ਟਰ 'ਚ ਭਾਜਪਾ ਅਤੇ ਸ਼ਿਵਸੇਨਾ ਗਠਜੋੜ ਨੂੰ 288 'ਚੋਂ 161 ਸੀਟਾਂ 'ਤੇ ਜਿੱਤ ਦੇ ਨਾਲ ਸਪੱਸ਼ਟ ਬਹੁਮਤ ਮਿਲਿਆ ਹੈ। ਭਾਜਪਾ ਲੀਡਰਸ਼ਿਪ ਨੇ ਵੀ ਦੋਵੇਂ ਰਾਜਾਂ 'ਚ ਆਪਣੇ ਮੁੱਖ ਮੰਤਰੀਆਂ 'ਤੇ ਭਰੋਸਾ ਪ੍ਰਗਟਾਇਆ ਹੈ। ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਰਿਆਣਾ 'ਚ ਮਨੋਹਰ ਲਾਲ ਖੱਟਰ ਅਤੇ ਮਹਾਰਾਸ਼ਟਰ 'ਚ ਦੇਵੇਂਦਰ ਫਡਨਵੀਸ ਨੂੰ ਮੁੜ ਕਮਾਨ ਸੌਂਪਣ ਦੀ ਪੁਸ਼ਟੀ ਕੀਤੀ ਹੈ। ਮਨੋਹਰ ਲਾਲ ਸ਼ੁੱਕਰਵਾਰ ਨੂੰ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਹਰਿਆਣਾ 'ਚ ਹੈਰਾਨ ਕਰਨ ਵਾਲੇ ਰਹੇ ਨਤੀਜੇ ਹਰਿਆਣਾ 'ਚ ਨਤੀਜੇ ਕਾਫ਼ੀ ਹੈਰਾਨ ਕਰਨ ਵਾਲੇ ਰਹੇ। ਇੱਥੇ ਸਭ ਤੋਂ ਵੱਧ ਹੈਰਾਨ ਕੀਤਾ ਸਾਲ ਭਰ ਪਹਿਲਾਂ ਹੋਂਦ 'ਚ ਆਈ ਜਨਨਾਇਕ ਜਨਤਾ ਪਾਰਟੀ (ਜਜਪਾ) ਨੇ। ਸਾਲ ਭਰ ਪਹਿਲਾਂ ਹੀ ਪਰਿਵਾਰਿਕ ਵਿਵਾਦ ਤੋਂ ਬਾਅਦ ਇਨੈਲੋ ਤੋਂ ਵੱਖ ਹੋ ਕੇ ਦੁਸ਼ਅੰਤ ਚੌਟਾਲਾ ਨੇ ਪਾਰਟੀ ਬਣਾਈ ਸੀ। ਜਜਪਾ ਨੇ ਪਹਿਲੀ ਹੀ ਵਾਰ 10 ਸੀਟਾਂ 'ਤੇ ਜਿੱਤ ਹਾਸਲ ਕਰ ਲਈ। ਨਤੀਜਿਆਂ ਤੋਂ ਬਾਅਦ ਜਜਪਾ ਨੂੰ ਕਿੰਗਮੇਕਰ ਦੀ ਭੂਮਿਕਾ 'ਚ ਦੇਖਿਆ ਜਾ ਰਿਹਾ ਸੀ। ਹਾਲਾਂਕਿ ਭਾਜਪਾ ਨੂੰ ਸੱਤ 'ਚੋਂ ਛੇ ਆਜ਼ਾਦ ਵਿਧਾਇਕਾਂ ਦੀ ਹਮਾਇਤ ਮਿਲਣ ਤੋਂ ਬਾਅਦ ਜਜਪਾ ਦਾ ਚਮਤਕਾਰੀ ਪ੍ਰਦਰਸ਼ਨ ਵੀ ਉਸ ਨੂੰ ਕੁਝ ਖ਼ਾਸ ਫਾਇਦਾ ਦਿਵਾਉਣਾ ਨਹੀਂ ਦਿਸ ਰਿਹਾ। ਹਰਿਆਣਾ 'ਚ ਕਾਂਗਰਸ ਨੂੰ ਮਿਲੀ ਸੰਜੀਵਨੀ ਹਰਿਆਣਾ ਦੇ ਨਤੀਜੇ ਕਾਂਗਰਸ ਲਈ ਵੀ ਚੰਗੇ ਰਹੇ। ਕਾਂਗਰਸ 15 ਤੋਂ 31 ਸੀਟਾਂ ਤਕਪਹੁੰਚ ਗਈ। ਚੋਣਾਂ ਤੋਂ ਠੀਕ ਪਹਿਲਾਂ ਪਾਰਟੀ 'ਚ ਉੱਭਰੇ ਸਿਆਸੀ ਕਲੇਸ਼ ਦੇ ਬਾਵਜੂਦ ਇਹ ਨਤੀਜੇ ਵਰਕਰਾਂ ਦਾ ਉਤਸ਼ਾਹ ਵਧਾਉਣ ਵਾਲੇ ਹਨ। ਸੀਟਾਂ ਦੇ ਲਿਹਾਜ਼ ਨਾਲ ਨਤੀਜੇ ਭਾਜਪਾ ਲਈ ਥੋੜ੍ਹਾ ਨਿਰਾਸ਼ਾਜਨਕ ਰਹੇ। ਪੰਜ ਸਾਲ ਪਹਿਲਾਂ 47 ਸੀਟਾਂ ਜਿੱਤਣ ਵਾਲੀ ਭਾਜਪਾ 40 ਸੀਟਾਂ 'ਤੇ ਆ ਗਈ। ਹਰਿਆਣਾ ਦੇ ਨਤੀਜਿਆਂ 'ਚ ਭਾਜਪਾ ਲਈ ਸੋਚਣ ਵਾਲੀ ਗੱਲ ਇਹ ਹੈ ਕਿ ਸੱਤ ਆਜ਼ਾਦ ਵਿਧਾਇਕਾਂ 'ਚੋਂ ਛੇ ਭਾਜਪਾ ਨਾਲ ਜੁੜੇ ਰਹੇ ਹਨ। ਭਾਜਪਾ ਲਈ ਵੱਡਾ ਝਟਕਾ ਇਹ ਵੀ ਹੈ ਕਿ ਰਾਜ ਸਰਕਾਰ 'ਚ ਕੈਬਨਿਟ ਦਾ ਹਿੱਸਾ ਰਹੇ ਅੱਠ ਮੰਤਰੀ ਚੋਣਾਂ ਹਾਰ ਗਏ ਹਨ।