ਬਰਗਾੜੀ ਮੋਰਚੇ ਦੇ ਪ੍ਰਬੰਧਕ ਤੇ ਪੁੱਤ ਖ਼ਿਲਾਫ਼ ਅਨੈਤਿਕ ਸਬੰਧਾਂ ਦੇ ਦੋਸ਼

06

October

2018

ਅੰਮ੍ਰਿਤਸਰ, ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਤੇ ਹੋਰ ਅਕਾਲੀ ਆਗੂਆਂ ਨੇ ਅੱਜ ਇੱਥੇ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਵਿੱਚ ਸ਼ਾਮਲ ਇਕ ਵਿਅਕਤੀ ਤੇ ਉਸ ਦੇ ਪੁੱਤ ਖ਼ਿਲਾਫ਼ ਔਰਤਾਂ ਨਾਲ ਅਨੈਤਿਕ ਸਬੰਧਾਂ ਦੇ ਗੰਭੀਰ ਦੋਸ਼ ਲਾਏ ਹਨ। ਅੱਜ ਸ਼ਾਮ ਇੱਥੇ ਸੱਦੀ ਪ੍ਰੈੱਸ ਕਾਨਫਰੰਸ, ਜਿਸ ਵਿੱਚ ਸ੍ਰੀ ਵਲਟੋਹਾ ਤੋਂ ਇਲਾਵਾ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਡਾ. ਦਲਬੀਰ ਸਿੰਘ ਵੇਰਕਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਹੋਰ ਅਕਾਲੀ ਆਗੂ ਸ਼ਾਮਲ ਸਨ, ਨੇ ਇਸ ਵਿਅਕਤੀ ਅਤੇ ਉਸ ਦੇ ਬੇਟੇ ਦੀਆਂ ਵੱਖ ਵੱਖ ਔਰਤਾਂ ਨਾਲ ਅਸ਼ਲੀਲ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਥਕ ਮੋਰਚੇ ਦਾ ਇਹ ਪ੍ਰਬੰਧਕ ਅਨੈਤਿਕ ਕਾਰਜਾਂ ਨਾਲ ਜੁੜਿਆ ਹੋਇਆ ਹੈ। ਇਹ ਆਗੂ ਆਪਣੇ ਆਪ ਨੂੰ ਪੰਥਕ ਕਹਾਉਂਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਲਾਏ ਗਏ ਰੋਸ ਧਰਨੇ ਦਾ ਪ੍ਰਬੰਧਕ ਹੈ। ਇਸ ਤੋਂ ਇਲਾਵਾ ਇਸ ਆਗੂ ਵੱਲੋਂ ਹਾਲ ਹੀ ਵਿਚ ਵੱਖ ਵੱਖ ਥਾਵਾਂ ’ਤੇ ਸੁਖਬੀਰ ਸਿੰਘ ਬਾਦਲ ਦਾ ਸਖ਼ਤ ਵਿਰੋਧ ਵੀ ਕੀਤਾ ਗਿਆ ਹੈ। ਇਸ ਵਿਰੋਧ ਦੌਰਾਨ ਸ੍ਰੀ ਬਾਦਲ ਖ਼ਿਲਾਫ਼ ਇਤਰਾਜ਼ਯੋਗ ਅਪਸ਼ਬਦ ਵਰਤੇ ਗਏ ਹਨ। ਉਨ੍ਹਾਂ ਇਕ ਆਡੀਓ ਵੀ ਮੀਡੀਆ ਨੂੰ ਸੁਣਾਈ, ਜਿਸ ਵਿੱਚ ਇਹ ਆਗੂ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੇ ਪੁੱਜਣ ’ਤੇ ਵਿਰੋਧ ਕਰਦਾ ਹੋਇਆ ਅਸੱਭਿਅਕ ਸ਼ਬਦਾਵਲੀ ਵਰਤ ਰਿਹਾ ਹੈ। ਉਨ੍ਹਾਂ ਨੇ ਕੁਝ ਹੋਰ ਤਸਵੀਰਾਂ ਵੀ ਮੀਡੀਆ ਸਾਹਮਣੇ ਪੇਸ਼ ਕੀਤੀਆਂ, ਜਿਨ੍ਹਾਂ ਵਿੱਚ ਇਹ ਵਿਅਕਤੀ ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਆਦਿ ਨਾਲ ਬੈਠਾ ਹੋਇਆ ਹੈ। ਇਸੇ ਤਰ੍ਹਾਂ ਇਕ ਤਸਵੀਰ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਉਸ ਨਾਲ ਦਿਖਾਈ ਦਿੰਦੇ ਹਨ। ਅਕਾਲੀ ਆਗੂ ਨੇ ਉਸ ਦੇ ਬੇਟੇ ਦੀਆਂ ਵੀ ਮਹਿਲਾਵਾਂ ਨਾਲ ਅਨੈਤਿਕ ਸਬੰਧਾਂ ਦੀਆਂ ਤਸਵੀਰਾਂ ਪੇਸ਼ ਕੀਤੀਆਂ ਹਨ। ਉਸ ਦੇ ਇਕ ਹੋਰ ਬੇਟੇ ਬਾਰੇ ਵੀ ਗੰਭੀਰ ਦੋਸ਼ ਲਾਏ ਹਨ। ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਇਹ ਵਿਅਕਤੀ ਕਾਂਗਰਸ ਦੀ ਸ਼ਹਿ ’ਤੇ ਸੁਖਬੀਰ ਬਾਦਲ ਖ਼ਿਲਾਫ਼ ਰੋਸ ਵਿਖਾਵੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ ਤੇ ਉਹ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਵੀ ਲਿਜਾਣਗੇ।