ਜ਼ਿਮਨੀ ਚੋਣਾਂ 2019 : ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਪਰਿਵਾਰ ਸਮੇਤ ਪਾਈ ਵੋਟ

21

October

2019

ਦਾਖਾ : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਅੱਜ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ -ਭਾਜਪਾ , ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚਾਰੇ ਸੀਟਾਂ ‘ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਇਸ ਦੇ ਇਲਾਵਾ ਕੁੱਝ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਹਨ। ਇਸ ਦੌਰਾਨ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਵਿਚ ਕੁੱਲ 33 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।ਇਸ ਦੌਰਾਨ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਵੀ ਪਰਿਵਾਰ ਸਮੇਤ ਵੋਟਪਾਈ ਹੈ। ਇਨ੍ਹਾਂ ਜ਼ਿਮਨੀ ਚੋਣਾਂ ਨੂੰ ਲੈ ਕੇ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਸਵੇਰੇ ਤੋਂ ਪੋਲਿੰਗ ਬੂਥ ਅੱਗੇ ਲਾਇਨਾਂ ਬਣਾ ਕੇ ਖੜੇ ਹਨ। ਜਿਸ ਲਈ ਵੋਟਰ ਅੱਜ ਆਪਣਾ ਨੁਮਾਇੰਦਾ ਚੁਣਨ ਲਈ ਪੋਲਿੰਗ ਬੂਥ ‘ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਦੱਸ ਦੇਈਏ ਕਿ ਦਾਖਾ ਵਿਧਾਨ ਸਭਾ ਹਲਕੇ ਤੋਂ 11 ਉਮੀਦਵਾਰ ਮੈਦਾਨ ਵਿਚ ਹਨ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਕਾਂਗਰਸ ਦੇ ਸੰਦੀਪ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੋਹੀ , ਅਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਸੁਖਦੇਵ ਸਿੰਘ ਚੱਕ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਗੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜੋਗਿੰਦਰ ਸਿੰਘ ਵੇਗਲ, ਆਜ਼ਾਦ ਉਮੀਦਵਾਰ ਹਰਬੰਸ ਸਿੰਘ ਜਲਾਲ,ਗੁਰਦੀਪ ਸਿੰਘ ਕਾਹਲੋਂ, ਜੈ ਪ੍ਰਕਾਸ਼ ਜੈਨ (ਟੀਟੂ ਬਾਣੀਆ) ਤੇ ਆਜ਼ਾਦ ਉਮੀਦਵਾਰ ਬਲਦੇਵ ਸਿੰਘ (ਦੇਵ ਸਰਾਭਾ) ਚੋਣ ਮੈਦਾਨ ਵਿੱਚ ਹਨ।ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਅੱਜ ਸ਼ਾਮ ਨੂੰ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ‘ਚ ਬੰਦ ਹੋ ਜਾਵੇਗੀ। ਇਨ੍ਹਾਂ ਚਾਰ ਹਲਕਿਆਂ ਦੇ 7,68,948 ਵੋਟਰ ਚਾਰ ਉਮੀਦਵਾਰਾਂ ਨੂੰ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ ‘ਚ ਭੇਜਣਗੇ।