ਫਗਵਾੜਾ: ਕਾਂਗਰਸੀ ਉਮੀਦਵਾਰ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ, ਚੋਣ ਕਮਿਸ਼ਨ ਨੇ ਨੋਟਿਸ ਕੀਤਾ ਜਾਰੀ

21

October

2019

ਫਗਵਾੜਾ: ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਬਲਵਿੰਦਰ ਸਿੰਘ ਧਾਲੀਵਾਲ ਗਲੇ ‘ਚ ਪਾਰਟੀ ਦੇ ਚਿੰਨ੍ਹ ਵਾਲਾ ਕੱਪੜਾ ਪਾ ਕੇ ਵੋਟ ਪਾਉਣ ਲਈ ਪੋਲਿੰਗ ਬੂਥ ‘ਤੇ ਪਹੁੰਚੇ ਤੇ ਆਪਣੀ ਵੋਟ ਭੁਗਤਾਈ। ਜਿਸ ਤੋਂ ਬਾਅਦ ਵਿਰੋਧੀਆਂ ਵੱਲੋਂ ਉਹਨਾਂ ਨੂੰ ਨਿਸ਼ਾਨੇ ‘ਤੇ ਲਿਆ ਗਿਆ। ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਅੱਜ ਸ਼ਾਮ ਨੂੰ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ‘ਚ ਬੰਦ ਹੋ ਜਾਵੇਗੀ। ਇਨ੍ਹਾਂ ਚਾਰ ਹਲਕਿਆਂ ਦੇ 7,68,948 ਵੋਟਰ ਚਾਰ ਉਮੀਦਵਾਰਾਂ ਨੂੰ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ ‘ਚ ਭੇਜਣਗੇ।