ਸਾਬਕਾ ਗ੍ਰਹਿ ਮੰਤਰੀ ਚਿਦੰਬਰਮ ਖ਼ਿਲਾਫ਼ ਲੁਕਆਊਟ ਨੋਟਿਸ, 18 ਘੰਟਿਆਂ ਤੋਂ ਹਨ ਲਾਪਤਾ

21

August

2019

ਨਵੀਂ ਦਿੱਲੀ: INX Media case: ਆਈਐੱਨਐੱਕਸ ਮੀਡੀਆ ਘੁਟਾਲਾ ਮਾਮਲੇ 'ਚ ਸੁਪਰੀਮ ਕੋਰਟ ਦੇ ਜੱਜ ਐੱਨਵੀ ਰਾਮਨ ਨੇ ਚਿਦੰਬਰਮ ਦੀ ਫਾਈਲ ਨੂੰ ਚੀਫ਼ ਜਸਟਿਸ ਰੰਜਨ ਗੋਗੋਈ ਕੋਲ ਭੇਜ ਦਿੱਤਾ ਹੈ। ਹੁਣ ਦੇਖਣਾ ਹੈ ਕਿ ਚੀਫ਼ ਜਸਟਿਸ ਇਸ ਮਾਮਲੇ 'ਤੇ ਕੀ ਫ਼ੈਸਲਾ ਲੈਂਦੇ ਹਨ। ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਰਾਹਤ ਮਿਲੇਗੀ ਜਾਂ ਨਹੀਂ। ਇੱਧਰ ਈਡੀ ਨੇ ਚਿਦੰਬਰਮ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਨਜ਼ਰਾਂ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਚੀਫ਼ ਜਸਟਿਸ ਹਾਲੇ ਸੰਵਿਧਾਨਕ ਬੈਂਚ 'ਤੇ ਅਯੁੱਧਿਆ ਮਾਮਲੇ 'ਤੇ ਸੁਣਵਾਈ ਕਰ ਰਹੇ ਹਨ। ਜਸਟਿਸ ਰਮਨਾ ਦੇ ਮਨ੍ਹਾਂ ਕਰਨ ਤੋਂ ਬਾਅਦ ਕਪਿਲ ਸਿੱਬਲ ਤੁਰੰਤ ਚੀਫ਼ ਜਸਟਿਸ ਕੋਰਟ 'ਚ ਗਏ ਪਰ ਉੱਥੇ ਕੇਸ ਮੈਂਸ਼ਨ ਨਹੀਂ ਕੀਤਾ ਬਲਕਿ ਕੋਰਟ ਨੇ ਸਿੱਧੇ ਅਯੁੱਧਿਆ ਕੇਸ ਦੀ ਸੁਣਵਾਈ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੇ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਸਾਬਕਾ ਵਿੱਤ ਤੇ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ 'ਤੇ ਗ੍ਰਿਫ਼ਤਾਰੀ ਦਾ ਖ਼ਤਰਾ ਮੰਡਰਾ ਰਿਹਾ ਹੈ। ਸੀਬੀਆਈ ਤੇ ਈਡੀ ਦੋਵੇਂ ਏਜੰਸੀਆਂ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੀ ਤਲਾਸ਼ ਕਰ ਰਹੀਆਂ ਹਨ। ਮੰਗਲਵਾਰ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਬੁੱਧਵਾਰ ਵੀ ਸਵੇਰੇ ਹੀ ਸੀਬੀਆਈ ਦੀ ਟੀਮ ਉਨ੍ਹਾਂ ਦੇ ਘਰ ਪਹੁੰਚ ਗਈ ਹੈ। ਜਾਂਚ ਏਜੰਸੀ ਮੰਗਲਵਾਰ ਸ਼ਾਮ ਨੂੰ ਦਿੱਲੀ ਸਥਿਤ ਉਨ੍ਹਾਂ ਦੇ ਘਰ ਪਹੁੰਚੀ, ਪਰ ਚਿਦੰਬਰਮ ਨਹੀਂ ਮਿਲੇ। ਜਾਂਚ ਏਜੰਸੀਆਂ ਦੀ ਕੋਸ਼ਿਸ਼ ਫ਼ੌਰੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਹੈ, ਤਾਂ ਕਿ ਸੁਪਰੀਮ ਕੋਰਟ 'ਚ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਣਵਾਈ ਦਾ ਉਚਿੱਤ ਆਧਾਰ ਬਣਾਇਆ ਜਾ ਸਕੇ। ਦੇਰ ਰਾਤ ਉਨ੍ਹਾਂ ਦੇ ਘਰ ਪਹੁੰਚੀ ਸੀਬੀਆਈ ਟੀਮ ਨੇ ਨੋਟਿਸ ਲਗਾਇਆ ਤੇ ਦੇ ਘੰਟੇ 'ਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਸਨ। ਮੰਗਲਵਾਰ ਨੂੰ ਚਿਦੰਬਰਮ ਨੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਤੋਂ ਰਾਹਤ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਤਕ ਦੇਰ ਹੋ ਚੁੱਕੀ ਸੀ ਤੇ ਮਾਮਲੇ ਦੀ ਸੁਣਵਾਈ ਬੁੱਧਵਾਰ ਤਕ ਮੁਲਤਵੀ ਕਰ ਦਿੱਤੀ ਗਈ। ਉੱਥੇ ਹੀ ਚਿੰਦੰਬਰਮ ਦੇ ਵਕੀਲ ਏਐੱਸ ਖੁਰਾਨਾ ਨੇ ਦੱਸਿਆ ਕਿ ਸੀਬੀਆਈ ਵੱਲੋਂ ਘਰ ਦੇ ਬਾਹਰ ਨੋਟਿਸ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋਏ ਉਹ ਜ਼ਮਾਨਤ ਲਈ ਯਤਨਸ਼ੀਲ ਹਨ। ਉਹ ਕਾਨੂੰਨ ਦੇ ਹਿਸਾਬ ਨਾਲ ਕੰਮ ਕਰ ਰਹੇ ਹਨ।