ਹੜ੍ਹ ਤੋਂ ਬਾਅਦ ਕਰੀਬ 200 ਪਿੰਡ ਖ਼ਾਲੀ ਕਰਵਾਏ, ਪੰਜਾਬ 'ਚ ਹੁਣ ਤਕ ਛੇ ਮੌਤਾਂ, ਭਾਖੜਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

19

August

2019

ਚੰਡੀਗੜ੍ਹ/ਜਲੰਧਰ : ਪਹਾੜਾਂ ਤੇ ਮੈਦਾਨੀ ਹਿੱਸਿਆਂ 'ਚ ਤਿੰਨ ਦਿਨਾਂ ਤੋਂ ਬਾਰਸ਼ ਜਾਰੀ ਰਹਿਣ ਕਾਰਨ ਪੰਜਾਬ 'ਚ ਨਦੀਆਂ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਸੂਬੇ 'ਚ ਜ਼ਿਆਦਾਤਰ ਥਾਵਾਂ 'ਤੇ ਸ਼ਨਿਚਰਵਾਰ ਤੇ ਐਤਵਾਰ ਤੋਂ ਬਾਅਦ ਸੋਮਵਾਰ ਸਵੇਰੇ ਵੀ ਜ਼ਬਰਦਸਤ ਮੀਂਹ ਪਿਆ। ਹੁਣ ਤਕ ਸੂਬੇ ਵਿਚ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਤਲੁਜ ਸਮੇਤ ਸਾਰੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ ਜਿਸ ਕਾਰਨ ਕਈ ਇਲਾਕਿਆਂ 'ਚ ਹੜ੍ਹ ਆ ਗਿਆ ਹੈ। ਹੁਣ ਤਕ 200 ਪਿੰਡ ਖ਼ਾਲੀ ਕਰਵਾਏ ਜਾ ਚੁੱਕੇ ਹਨ। ਕਈ ਪਿੰਡਾਂ ਦਾ ਹੋਰਨਾ ਥਾਵਾਂ ਨਾਲ ਸੰਪਰਕ ਟੁੱਟ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਰੋਪੜ ਪਹੁੰਚ ਕੇ ਸੁਣੇ ਹੜ੍ਹ-ਪੀੜਤਾਂ ਦੇ ਦੁੱਖੜੇ, ਹਾਲਾਤ ਬਾਰੇ ਲਈ ਜਾਣਕਾਰੀ ਫਿਲੌਰ ਖੇਤਰ 'ਚ ਸਤਲੁਜ ਨਦੀ ਕਿਨਾਰੇ ਬਣਿਆ ਬੰਨ੍ਹ ਟੁੱਟ ਜਾਣ ਕਾਰਨ ਕਈ ਪਿੰਡਾਂ ਦਾ ਸੰਪਰਕ ਬਾਕੀ ਖੇਤਰਾਂ ਨਾਲੋਂ ਟੁੱਟ ਗਿਆ ਹੈ। ਹੜ੍ਹ ਦੇ ਪਾਣੀ 'ਚ ਫਸੇ ਚਾਰ ਲੋਕਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਕਈ ਪਿੰਡਾਂ 'ਚ ਹਾਲੇ ਹੋਰ ਲੋਕ ਫਸੇ ਹੋਏ ਹਨ, ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਓਧਰ, ਸੋਮਵਾਰ ਨੂੰ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1680.80 ਫੁੱਟ ਤਕ ਪਹੁੰਚ ਗਿਆ। 24 ਘੰਟਿਆਂ 'ਚ ਪਾਣੀ ਦੀ ਆਮਦ 1,30,936 ਕਿਊਸਕ ਦਰਜ ਕੀਤੀ ਗਈ ਹੈ। 24 ਘੰਟਿਆਂ 'ਚ ਡੈਮ ਦੇ ਪਾਣੀ ਦਾ ਪੱਧਰ 3.86 ਫੁੱਟ ਵਧਿਆ ਹੈ। ਫਿਲੌਰ ਖੇਤਰ 'ਚ ਸਤਲੁਜ ਨਦੀ ਕਿਨਾਰੇ ਬੰਨ੍ਹ ਟੁੱਟ ਗਿਆ। ਇਸ ਨਾਲ ਨਜ਼ਦੀਕੀ ਪਿੰਡਾਂ ਓਵਾਲ ਤੇ ਭੋਲੇਵਾਲ ਤੇ ਆਲੇ-ਦੁਆਲੇ ਦੇ ਖੇਤਰ 'ਚ ਨਦੀ ਦਾ ਪਾਣੀ ਵੜ ਗਿਆ। ਇਸ ਕਾਰਨ ਇਨ੍ਹਾਂ ਪਿੰਡਾਂ ਦਾ ਸੰਪਰਕ ਬਾਕੀ ਖੇਤਰਾਂ ਨਾਲੋਂ ਟੁੱਟ ਗਿਆ। ਇਨ੍ਹਾਂ ਪਿੰਡਾਂ 'ਚ ਕੁਝ ਲੋਕ ਪਾਣੀ 'ਚ ਫਸੇ ਹੋਏ ਹਨ। ਉਨ੍ਹਾਂ ਨੂੰ ਕੱਢਣ ਲਈ ਪ੍ਰਸ਼ਾਸਨ, ਫ਼ੌਜ ਅਤੇ ਐੱਨਡੀਆਰਐੱਫ ਨੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਅਨੁਸਾਰ ਹੁਣ ਤਕ ਰੈਸਕਿਊ ਟੀਮ ਨੇ ਹੜ੍ਹ 'ਚ ਫਸੇ ਚਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਪਾਣੀ 'ਚ ਫਸੇ ਲੋਕਾਂ ਨੂੰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਫਸੇ ਲੋਕਾਂ ਨੂੰ ਜਲਦ ਹੀ ਬਾਹਰ ਕੱਢ ਲਿਆ ਜਾਵੇਗਾ।