ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਹੋਇਆ ਦਿਹਾਂਤ ,ਰਾਜਨੀਤਿਕ ਗਲਿਆਰੇ ਵਿੱਚ ਸੋਗ ਦੀ ਲਹਿਰ

19

August

2019

ਬਿਹਾਰ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਮਿਲਦੇ ਹੀ ਬਿਹਾਰ ਦੇ ਰਾਜਨੀਤਿਕ ਗਲਿਆਰੇ ਵਿੱਚ ਸੋਗ ਦੀ ਲਹਿਰ ਦੋੜ ਗਈ ਹੈ। 82 ਸਾਲਾ ਜਗਨਨਾਥ ਮਿਸ਼ਰਾ ਤਿੰਨ ਵਾਰ ਬਿਹਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਮਿਸ਼ਰਾ ਸਾਲ 1975 ‘ਚ ਪਹਿਲੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ। ਦੂਜੀ ਵਾਰ ਉਹ 1980 ‘ਚ ਮੁੱਖ ਮੰਤਰੀ ਬਣੇ ਸਨ ਅਤੇ ਤੀਜੀ ਵਾਰ ਸਾਲ 1989 ਤੋਂ 1990 ਤੱਕ ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਰੂਪ ‘ਚ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਦੇ ਦਿਹਾਂਤ ‘ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਿਹਾਰ ਦੇ ਸਾਬਕਾ ਸੀਐਮ ਜਗਨਨਾਥ ਮਿਸ਼ਰਾ ਨੇ ਰਾਜਨੀਤੀ ਤੋਂ ਪਹਿਲਾਂ ਲੈਕਚਰਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਉਹਨਾਂ ਨੇ ਬਿਹਾਰ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਦੇ ਤੌਰ ਸੇਵਾ ਨਿਭਾਈ ਹੈ। ਦੱਸ ਦਈਏ ਕਿ ਇਸ ਦੌਰਾਨ ਉਨ੍ਹਾਂ ਨੇ 40 ਦੇ ਕਰੀਬ ਰਿਸਰਚ ਪੇਪਰ ਲਿਖੇ । ਜਗਨਨਾਥ ਮਿਸ਼ਰਾ ਦਾ ਸ਼ੁਰੂ ਤੋਂ ਹੀ ਰਾਜਨੀਤੀ ਵਿੱਚ ਦਿਲਚਸਪੀ ਸੀ । ਉਹ 90 ਦੇ ਦਹਾਕੇ ਵਿੱਚ ਕੇਂਦਰੀ ਕੈਬਿਨੇਟ ਮੰਤਰੀ ਵੀ ਰਹੇ ਹਨ। ਬਿਹਾਰ ਵਿੱਚ ਡਾਂ ਮਿਸ਼ਰਾ ਦਾ ਨਾਮ ਵੱਡੇ ਨੇਤਾਵਾਂ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ।ਉਨ੍ਹਾਂ ਨੂੰ ਮਿਥਿਲਾਂਚਲ ਦੇ ਸਭ ਤੋਂ ਸੂਝਵਾਨ ਨੇਤਾ ਮੰਨਿਆ ਜਾਂਦਾ ਸੀ ।