ਭਾਰਤੀ ਹਵਾਈ ਫ਼ੌਜ ਦੇ ਅਚਾਨਕ ਲਾਪਤਾ ਹੋਏ ਜਹਾਜ਼ ਦਾ 51 ਸਾਲ ਬਾਅਦ ਮਿਲਿਆ ਮਲਬਾ

19

August

2019

ਮਲਬਾ:ਭਾਰਤੀ ਹਵਾਈ ਫ਼ੌਜ ਦਾ 51 ਸਾਲ ਪਹਿਲਾਂ ਲਾਪਤਾ ਹੋਏ ਜਹਾਜ਼ ਦਾ ਆਖ਼ਰ ਮਲਬਾ ਮਿਲ ਗਿਆ ਹੈ। ਇਹ ਮਲਬਾ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਢਾਕਾ ਗਲੇਸ਼ੀਅਰ ’ਤੇ ਪਿਆ ਮਿਲਿਆ ਹੈ। ਇਸ AN-12 BL-534 ਹਵਾਈ ਜਹਾਜ਼ ਵਿੱਚ ਉਸ ਵੇਲੇ 100 ਜਵਾਨ ਸਵਾਰ ਸਨ ਤੇ ਉਹ ਸਾਰੇ ਅਚਾਨਕ ਹੀ 7 ਫ਼ਰਵਰੀ, 1968 ਲਾਪਤਾ ਹੋ ਗਏ ਸਨ। ਇਸ ਮਾਮਲੇ ਵਿੱਚ ਹਵਾਈ ਜਹਾਜ਼ ਦਾ ਇੰਜਣ, ਫ਼ਿਊਜ਼ਲੇਜ, ਬਿਜਲਈ ਸਰਕਟਸ, ਪ੍ਰੋਪੈਲਰ, ਤੇਲ ਦੀ ਟੈਂਕੀ, ਏਅਰ ਬ੍ਰੇਕ ਅਸੈਂਬਲੀ ਤੇ ਕਾੱਕਪਿਟ ਦਾ ਦਰਵਾਜ਼ਾ ਮਿਲ ਗਏ ਹਨ। ਹਿਮਾਲਿਅਨ ਮਾਊਂਟੇਨੀਅਰਿੰਗ ਇੰਸਟੀਚਿਊਟ ਦੇ ਮੈਂਬਰਾਂ ਨੇ ਸਾਲ 2003 ਦੌਰਾਨ ਸਿਪਾਹੀ ਬੇਲੀ ਰਾਮ ਦੀ ਮ੍ਰਿਤਕ ਦੇਹ ਲੱਭੀ ਸੀ; ਜੋ ਇਸੇ ਜਹਾਜ਼ ਉੱਤੇ ਸਵਾਰ ਸੀ। ਇਸ ਮਗਰੋਂ 9 ਅਗਸਤ, 2007 ਨੂੰ ਭਾਰਤੀ ਥਲ ਸੈਨਾ ਦੀ ਇੱਕ ਮੁਹਿੰਮ ਦੌਰਾਨ ਤਿੰਨ ਹੋਰ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਲੱਭੀਆਂ ਸਨ। ਇਸ ਹਵਾਈ ਜਹਾਜ਼ ਵਿੱਚ 1968 ’ਚ 98 ਜਵਾਨ ਸਵਾਰ ਸਨ ਤੇ ਇਹ ਆਪਣੇ ਟਿਕਾਣੇ ਉੱਤੇ ਲੈਂਡ ਕਰਨ ਹੀ ਵਾਲਾ ਸੀ ਕਿ ਪਾਇਲਟ ਨੂੰ ਹੁਕਮ ਆ ਗਏ ਕਿ ਮੌਸਮ ਖ਼ਰਾਬ ਹੋਣ ਕਾਰਨ ਉਹ ਹਵਾਈ ਜਹਾਜ਼ ਨੂੰ ਤੁਰੰਤ ਵਾਪਸ ਲੈ ਆਵੇ। ਜਦੋਂ ਉਹ ਜਹਾਜ਼ ਚੰਡੀਗੜ੍ਹ ਪਰਤ ਰਿਹਾ ਸੀ ਤਾਂ ਉਸ ਦਾ ਸੰਪਰਕ ਕੰਟਰੋਲ ਰੂਮ ਨਾਲੋਂ ਟੁੱਟ ਗਿਆ ਸੀ। ਉਦੋਂ ਕਈ ਮਹੀਨੇ ਇਸ ਦੇ ਮਲਬੇ ਦੀ ਤਲਾਸ਼ ਕੀਤੀ ਗਈ ਸੀ ਪਰ ਕੋਈ ਕਾਮਯਾਬੀ ਨਹੀਂ ਮਿਲ ਸਕੀ ਸੀ।