ਤਰਸੇਮ ਜੱਸੜ ਬਣਿਆ ‘ਅਫ਼ਸਰ’

06

October

2018

ਗੀਤਕਾਰ ਤੇ ਗਾਇਕ ਤੋਂ ਅਦਾਕਾਰ ਬਣੇ ਤਰਸੇਮ ਜੱਸੜ ਦੀਆਂ ਫ਼ਿਲਮਾਂ ਦਾ ਆਪਣਾ ਹੀ ਰੰਗ ਹੁੰਦਾ ਹੈ। ਆਪਣੇ ਗੀਤਾਂ ਵਾਂਗ ਉਹ ਫ਼ਿਲਮੀ ਪਰਦੇ ’ਤੇ ਵੀ ਵੱਖਰਾ ਪ੍ਰਸ਼ੰਸਕ ਵਰਗ ਪੈਦਾ ਕਰਨ ਵਾਲਾ ਕਲਾਕਾਰ ਹੈ। ‘ਰੱਬ ਦਾ ਰੇਡੀਓ’ ਜਿਹੀ ਰਿਸ਼ਤਿਆਂ ਦੀ ਸਾਂਝ ਦਰਸਾਉਂਦੀ ਫ਼ਿਲਮ ਨਾਲ ਹੀ ਤਰੇਸਮ ਜੱਸੜ ਦੀ ਵਾਹ ਵਾਹ ਹੋਣ ਲੱਗੀ ਸੀ। ਫਿਰ ‘ਸਰਦਾਰ ਮੁਹੰਮਦ’ ਜਿਹੇ ਭਾਵੁਕਤਾ ਭਰੇ ਵਿਸ਼ੇ ਨੇ ਤਾਂ ਦਰਸ਼ਕਾਂ ਨੂੰ ਭਾਵੁਕ ਹੀ ਕਰ ਦਿੱਤਾ ਸੀ। ਵੱਖਰੇ ਤੇ ਦਿਲਚਸਪ ਵਿਸ਼ੇ ਦੀਆਂ ਫ਼ਿਲਮਾਂ ਕਰਕੇ ਜਾਣਿਆ ਜਾਂਦਾ ਤਰਸੇਮ ਜੱਸੜ ਹੁਣ ‘ਅਫ਼ਸਰ’ ਫ਼ਿਲਮ ਰਾਹੀਂ ਖ਼ਾਸ ਰੁਤਬੇ ਵਾਲਾ ਅਫ਼ਸਰ ਬਣ ਕੇ ਆਇਆ ਹੈ। ਸਾਡੀਆਂ ਲੋਕ ਬੋਲੀਆਂ, ਗੀਤਾਂ ਵਿਚ ‘ਪਟਵਾਰੀ’ ਦੇ ਰੁਤਬੇ ਨੂੰ ਬਹੁਤ ਸਲਾਹਿਆ ਗਿਆ ਹੈ। ਅੱਜ ਵੀ ਪਿੰਡਾਂ ਦੇ ਲੋਕ ਪਟਵਾਰੀ ਨੂੰ ਬਹੁਤ ਵੱਡਾ ਮੰਨਦੇ ਹਨ। ਇਹ ਫ਼ਿਲਮ ਅੱਜ ਤੋਂ ਵੀਹ ਸਾਲ ਪੁਰਾਣੇ ਪੰਜਾਬ ਦੇ ਮਾਹੌਲ ਦੀ ਕਹਾਣੀ ਹੈ। ਫ਼ਿਲਮ ਦਾ ਨਾਇਕ ਜਸਪਾਲ ਸਿੰਘ (ਤਰਸੇਮ ਜੱਸੜ) ਜ਼ਿਮੀਂਦਾਰ ਪਰਿਵਾਰ ਦਾ ਮੁੰਡਾ ਹੈ ਜੋ ਪੜ੍ਹ ਲਿਖ ਕੇ ਕਾਨੂੰਗੋ ਲੱਗ ਜਾਂਦਾ ਹੈ, ਪਰ ਪਿੰਡ ਦੇ ਲੋਕ ਉਸ ਤੋਂ ਵੱਡਾ ਅਫ਼ਸਰ ਪਟਵਾਰੀ ਨੂੰ ਹੀ ਮੰਨਦੇ ਹਨ। ਸਾਰੀ ਫ਼ਿਲਮ ਵਿੱਚ ਕਾਨੂੰਗੋ ਜਸਪਾਲ ਸਿੰਘ ਆਪਣੇ ਆਪ ਨੂੰ ਪਟਵਾਰੀ ਤੋਂ ਵੱਡਾ ਅਫ਼ਸਰ ਸਾਬਤ ਕਰਨ ’ਚ ਲੱਗਾ ਰਹਿੰਦਾ ਹੈ। ਫ਼ਿਲਮ ਵਿੱਚ ਉਸਦਾ ਅਦਾਕਾਰਾ ਨਿਮਰਤ ਖਹਿਰਾ ਨਾਲ ਰੁਮਾਂਟਿਕ ਟਰੈਕ ਵੀ ਹੈ ਜੋ ਸਕੂਲ ਅਧਿਆਪਕਾ ਹੈ। ਜਦੋਂ ਦੋਵਾਂ ਦੇ ਰਿਸ਼ਤੇ ਦੀ ਗੱਲ ਚੱਲਦੀ ਹੈ ਤਾਂ ਇੱਥੇ ਵੀ ਸਾਰੇ ਕਹਿੰਦੇ ਹਨ ਕਿ ਜੇ ਮੁੰਡਾ ਪਟਵਾਰੀ ਲੱਗਿਆ ਹੁੰਦਾ ਤਾਂ ਜ਼ਿਆਦਾ ਵਧੀਆ ਸੀ। ਫ਼ਿਲਮ ਦੀ ਇਹ ਸਥਿਤੀ ਕਾਮੇਡੀ ਦਾ ਮਾਹੌਲ ਵੀ ਸਿਰਜਦੀ ਹੈ। ਇਕ ਥਾਂ ਕਾਨੂੰਗੋ ਜਸਪਾਲ ਵੱਲੋਂ ਬੋਲਿਆ ਡਾਇਲਾਗ ‘ਝੁਕ ਝੁਕ ਸਲਾਮਾਂ ਤਾਂ ਬੇਈਮਾਨੀ ਦੀ ਕਮਾਈ ਨੂੰ ਨੇ…ਇਮਾਨਦਾਰ ਬੰਦੇ ਦੀ ਤਾਂ ਹਰੇਕ ਇੱਜ਼ਤ ਕਰਦਾ’ ਵੱਡਾ ਸੰਦੇਸ਼ ਦਿੰਦਾ ਹੈ। ਕਰਮਜੀਤ ਅਨਮੋਲ ਨੇ ਲਾਲਚੀ ਤੇ ਚੁਸਤ ਪਟਵਾਰੀ ਦਾ ਕਿਰਦਾਰ ਨਿਭਾਇਆ ਹੈ। ਗੁਰਪ੍ਰੀਤ ਘੁੱਗੀ ਸਕੂਲ ਅਧਿਆਪਕ ਹੈ ਜੋ ਆਪਣੀ ਸਾਥੀ ਅਧਿਆਪਕਾ ਨਿਮਰਤ ਨਾਲ ਆਪਣੇ ਵਿਆਹ ਦੇ ਸੁਪਨੇ ਵੇਖਦਾ ਹੈ। ਨਦਰ ਫ਼ਿਲਮਜ਼ ਅਤੇ ਵਿਹਲੀ ਜਨਤਾ ਫ਼ਿਲਮਜ਼ ਦੀ ਪੇਸ਼ਕਸ਼ ‘ਅਫ਼ਸਰ’ ਦਾ ਨਿਰਮਾਣ ਨਿਰਮਾਤਾ ਅਮੀਕ ਵਿਰਕ ਅਤੇ ਮਨਪ੍ਰੀਤ ਜੌਹਲ ਨੇ ਕੀਤਾ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਗੁਲਸ਼ਨ ਸਿੰਘ ਹਨ। ਫਿਲ਼ਮ ਦੀ ਕਹਾਣੀ ਤੇ ਸਕਰੀਨ ਪਲੇਅ ਜਸ ਗਰੇਵਾਲ ਨੇ ਲਿਖਿਆ ਹੈ ਜਦੋਂਕਿ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। ਫ਼ਿਲਮ ਵਿਚ ਤਰਸੇਮ ਜੱਸੜ, ਨਿਮਰਤ ਖਹਿਰਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਪੁਖਰਾਜ ਭੱਲਾ, ਹਰਦੀਪ ਗਿੱਲ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ, ਸੁਖਦੇਵ ਬਰਨਾਲਾ, ਰਾਣਾ ਜੰਗ ਬਹਾਦਰ, ਰਵਿੰਦਰ ਮੰਡ, ਪ੍ਰਕਾਸ਼ ਗਾਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਸੰਗੀਤ ਜੈ ਦੇਵ ਕੁਮਾਰ, ਪ੍ਰੀਤ ਹੁੰਦਲ ਤੇ ਆਰ ਗੁਰੂ ਨੇ ਤਿਆਰ ਕੀਤਾ ਹੈ। ਤਰਸੇਮ ਜੱਸੜ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ‘ਅਫ਼ਸਰ’ ਬਹੁਤ ਹਟਕੇ ਕਾਮੇਡੀ ਤੇ ਪਰਿਵਾਰਕ ਡਰਾਮਾ ਹੈ ਜਿਸ ਵਿੱਚ ਮਿਆਰੀ ਕਾਮੇਡੀ ਤੇ ਵਧੀਆ ਸੰਗੀਤ ਦਾ ਸੁਮੇਲ ਹੈ।