ਮੋਤੀ ਮਹਿਲ ਵੱਲ ਜਾ ਰਹੇ ਕਿਸਾਨਾਂ ਨੂੰ ਵਾਈਪੀਐੱਸ ਚੌਕ ’ਤੇ ਰੋਕਿਆ

31

July

2019

ਪਟਿਆਲਾ, ਘੱਗਰ ਦਰਿਆ, ਟਾਂਗਰੀ ਨਦੀ ਅਤੇ ਪਟਿਆਲਾ ਨਦੀ ਸਮੇਤ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਪਟਿਆਲਾ ਜ਼ਿਲ੍ਹੇ ਦੇ ਸਬੰਧਤ ਇਲਾਕਿਆਂ ਨੂੰ ਹੜ੍ਹ ਪ੍ਰਭਾਵਿਤ ਐਲਾਨ ਕੇ ਕਿਸਾਨਾਂ ਨੂੰ ਬਣਦੀਆਂ ਸਹੂਲਤਾਂ ਯਕੀਨੀ ਬਣਾਉਣ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਅੱਜ ਝੰਡਾ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਨਿਊ ਮੋਤੀ ਬਾਗ਼ ਪੈਲੇਸ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਪੁਲੀਸ ਫੋਰਸ ਨੇ ਕਿਸਾਨਾਂ ਦੇ ਕਾਫ਼ਲੇ ਨੂੰ ਮਹਿਲ ਤੋਂ ਪਹਿਲਾਂ ਹੀ ਵਾਈਪੀਐੱਸ ਚੌਕ ’ਤੇ ਰੋਕ ਲਿਆ ਤੇ ਕਿਸਾਨ ਉੱਥੇ ਹੀ ਧਰਨਾ ਮਾਰ ਕੇ ਬੈਠ ਗਏ। ਮੁੱਖ ਮੰਤਰੀ ਦੇ ਓਐੱਸਡੀ ਰਾਜੇਸ਼ ਕੁਮਾਰ ਵੱਲੋਂ ਮੰਗ ਪੱਤਰ ਲੈਣ ਮਗਰੋਂ ਇਹ ਧਰਨਾ ਸਮਾਪਤ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਹਾਲ ਹੀ ਵਿਚ ਹੜ੍ਹਾਂ ਕਾਰਨ ਹੋਏ ਫ਼ਸਲੀ ਨੁਕਸਾਨ ਬਦਲੇ ਪੀੜਤ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਹੜ੍ਹਾਂ ਲਈ ਡਰੇਨੇਜ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਤੋਂ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਕਾਂਗਰਸੀ ਵਿਧਾਇਕ ਹੀ ਡਰੇਨੇਜ ਵਿਭਾਗ ਦੇ ਅਧਿਕਾਰੀਆਂ ’ਤੇ ਯੋਗ ਕਾਰਵਾਈ ਨਾ ਕਰਨ ਦੇ ਦੋਸ਼ ਲਾ ਰਹੇ ਹਨ, ਜਿਸ ਕਰਕੇ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਡੀ.ਸੀ ਦਫ਼ਤਰ ਦੇ ਬਾਹਰ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਨੂੰ ਹੜ੍ਹ ਪ੍ਰਭਾਵਿਤ ਐਲਾਨ ਕੇ ਸਰਕਾਰ ਕਿਸਾਨਾਂ ਨੂੰ 5-5 ਹਜ਼ਾਰ ਰੁਪਏ ਏਕੜ ਸਾਉਣੀ ਦੀ ਫ਼ਸਲ ਤੋਂ ਪਹਿਲਾਂ ਅਦਾ ਕਰੇ ਤੇ ਖੇਤ ਮਜ਼ਦੂਰਾਂ ਅਤੇ ਹੋਰਨਾਂ ਨੂੰ 10-10 ਹਜ਼ਾਰ ਰੁਪਏ ਯਕਮੁਸ਼ਤ ਦਿੱਤੇ ਜਾਣ। ਬੱਚਿਆਂ ਲਈ ਮੁਫ਼ਤ ਅਤੇ ਮਿਆਰੀ ਪੜ੍ਹਾਈ, ਪਰਿਵਾਰਾਂ ਨੂੰ ਮੁਫ਼ਤ ਅਤੇ ਮਿਆਰੀ ਡਾਕਟਰੀ ਸਹਾਇਤਾ ਮਿਲੇ। ਬੁਲਾਰਿਆਂ ਨੇ ਸਮਾਣਾ ਖੇਤਰ ਵਿਚੋਂ ਹਰਿਆਣਾ ਵੱਲੋਂ ਉਸਾਰੀ ਗਈ ਹਾਂਸੀ ਬੁਟਾਣਾ ਨਹਿਰ ਦਾ ਵੀ ਸਥਾਈ ਹੱਲ ਕਰਨ ’ਤੇ ਜ਼ੋਰ ਦਿੱਤਾ, ਜੋ ਪਾਣੀ ਨੂੰ ਡਾਫ਼ ਲਾ ਕੇ ਹੜ੍ਹਾਂ ਦਾ ਕਾਰਨ ਬਣਦੀ ਹੈ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ, ਪ੍ਰੋ. ਬਾਵਾ ਸਿੰਘ, ਅਵਤਾਰ ਕੌਰਜੀਵਾਲਾ, ਕਰਨੈਲ ਸਿੰਘ ਲੰਗ, ਹਰਭਜਨ ਬੁੱਟਰ, ਗੁਰਮੀਤ ਦਿੱਤੂਪੁਰ, ਨਿਸ਼ਾਨ ਸਿੰਘ, ਨਿਰਮਲ ਸਿੰਘ, ਸੁਖਵਿੰਦਰ ਤੁੱਲੇਵਾਲ, ਹਰਵਿੰਦਰ ਅਗੇਤਾ, ਗੁਰਮੀਤ ਹਾਜ਼ਰ ਸਨ।