ਗਿਆਰ੍ਹਵੀਂ ’ਚ ਦਾਖਲੇ ਨਾ ਮਿਲਣ ਕਾਰਨ ਰੋਸ

31

July

2019

ਚੰਡੀਗੜ੍ਹ, ਇੱਥੋਂ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿੱਚ ਦਾਖਲੇ ਨਾ ਹੋਣ ਕਾਰਨ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਹਨ। ਸਿੱਖਿਆ ਦਫਤਰ ਵਿਚ ਅੱਜ ਵੱਡੀ ਗਿਣਤੀ ਮਾਪੇ ਇਕੱਠੇ ਹੋਏ ਤੇ ਉਨ੍ਹਾਂ ਆਪਣੇ ਬੱਚਿਆਂ ਨੂੰ ਦਾਖਲੇ ਨਾ ਮਿਲਣ ’ਤੇ ਨਾਅਰੇਬਾਜ਼ੀ ਕੀਤੀ। ਇਸ ਵੇਲੇ ਵਿਭਾਗ ਵਲੋਂ ਦੋ ਕਾਊਂਸਲਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਤੇ ਹਾਲੇ ਵੀ 2336 ਸੀਟਾਂ ਖਾਲੀ ਪਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗਿਆਰਵੀਂ ਜਮਾਤ ਲਈ ਸ਼ਹਿਰ ਵਿਚ 40 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ ਜਿਨ੍ਹਾਂ ਵਿਚ 12833 ਸੀਟਾਂ ਹਨ। ਇਨ੍ਹਾਂ ਸੀਟਾਂ ਲਈ 18575 ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ। ਦੋ ਕਾਊਂਸਲਿੰਗ ਹੋਣ ਤੋਂ ਬਾਅਦ ਹਾਲੇ ਵੀ ਸਰਕਾਰੀ ਸਕੂਲਾਂ ਵਿਚ 2336 ਸੀਟਾਂ ਖਾਲੀ ਪਈਆਂ ਹਨ। ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲਣ ਪੁੱਜੇ ਮਾਪਿਆਂ ਨੇ ਕਿਹਾ ਕਿ ਦਾਖਲਾ ਮਿਲਣ ਵਿਚ ਦੇਰੀ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਕਿਸ਼ਨ ਚੰਦ ਨੇ ਦੱਸਿਆ ਕਿ ਉਹ ਹਫਤੇ ਭਰ ਤੋਂ ਆਪਣੇ ਲੜਕੇ ਦੇ ਦਾਖਲੇ ਲਈ ਦਫਤਰ ਆ ਰਿਹਾ ਹੈ ਪਰ ਉਸ ਨੂੰ ਹਰ ਵਾਰ ਖਾਲੀ ਹੱਥ ਭੇਜ ਦਿੱਤਾ ਜਾਂਦਾ ਹੈ। ਮਹੇਸ਼ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਹਾਲੇ ਗਿਆਰ੍ਹਵੀਂ ਜਮਾਤ ਵਿਚ ਦਾਖਲਾ ਨਹੀਂ ਹੋਇਆ ਤੇ ਉਹ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇਣ ਤੋਂ ਅਸਮਰੱਥ ਹੈ। ਇਸ ਮੌਕੇ ਰਾਮ ਦਰਬਾਰ ਦੇ ਸੁਰੇਸ਼ ਨੇ ਦੱਸਿਆ ਕਿ ਉਸ ਦੀ ਲੜਕੀ ਦੇ 64 ਫੀਸਦੀ ਨੰਬਰ ਆਏ ਹਨ ਪਰ ਦੋ ਕਾਊਂਸਲਿੰਗਾਂ ਵਿਚ ਵੀ ਕਿਸੇ ਸਕੂਲ ਵਿਚ ਦਾਖਲਾ ਨਹੀਂ ਹੋਇਆ। ਇਨ੍ਹਾਂ ਮਾਪਿਆਂ ਨੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਸਕੱਤਰੇਤ ਵੀ ਗਏ ਸਨ ਜਿਥੇ ਉਨ੍ਹਾਂ ਨੂੰ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ ਗਿਆ ਹੈ। ਇਸ ਵੇਲੇ ਜ਼ਿਆਦਾਤਰ ਸ਼ਹਿਰ ਦੇ ਵਿਚਕਾਰ ਵਸੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੀਟਾਂ ਭਰ ਗਈਆਂ ਹਨ। ਕੱਟ-ਆਫ ਰੇਟਿੰਗ ਅਨੁਸਾਰ ਸਕੂਲਾਂ ਦੀ ਚੋਣ ਕਰਨ ਦੀ ਸਲਾਹ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਵਿਦਿਆਰਥੀ ਆਪਣੇ ਖੇਤਰ ਦੇ ਨੇੜਲੇ ਸਕੂਲਾਂ ਵਿਚ ਹੀ ਆਪਸ਼ਨ ਭਰਦੇ ਹਨ ਪਰ ਉਨ੍ਹਾਂ ਸਕੂਲਾਂ ਵਿਚ ਕੱਟ-ਆਫ ਹਾਈ ਹੋਣ ਕਾਰਨ ਦਾਖਲਾ ਨਹੀਂ ਮਿਲਦਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ ਕੱਟ-ਆਫ ਤੇ ਆਪਣੇ ਅੰਕ ਦੇਖ ਕੇ ਸਕੂਲਾਂ ਦੀ ਚੋਣ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਪੰਜ-ਛੇ ਸਕੂਲ ਭਰਨ ਦੀ ਬਜਾਏ ਪੂਰੇ ਪੰਦਰਾਂ ਸਕੂਲ ਭਰਨ ਤਾਂ ਹੀ ਉਨ੍ਹਾਂ ਦਾ ਦਾਖਲਾ ਸੰਭਵ ਹੋਵੇਗਾ। 2 ਤੇ 3 ਅਗਸਤ ਨੂੰ ਹੋਵੇਗੀ ਅੰਤਿਮ ਕਾਊਂਸਲਿੰਗ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਤੀਜੀ ਤੇ ਅੰਤਿਮ ਕਾਊਂਸਲਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ-10 ਵਿਚ 2 ਤੇ 3 ਅਗਸਤ ਨੂੰ ਹੋਵੇਗੀ। ਇਸ ਲਈ ਵਿਦਿਆਰਥੀ ਪੁਰਾਣੀਆਂ ਕਾਊਂਸਲਿੰਗਾਂ ਦੇ ਆਨਲਾਈਨ ਭਰੇ ਫਾਰਮ ਤੇ ਸਰਟੀਫਿਕੇਟ ਦੀਆਂ ਕਾਪੀਆਂ ਲੈ ਕੇ ਪਹੁੰਚਣ। ਡਾਇਰੈਕਟਰ (ਸਕੂਲ ਐਜੂਕੇਸ਼ਨ) ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਟਰਾਂਸਫਰ ਵਾਲੇ ਵਿਦਿਆਰਥੀ ਤੀਜੀ ਕਾਊਂਸਲਿੰਗ ਵਿਚ ਵਿਚਾਰੇ ਨਹੀਂ ਜਾਣਗੇ। ਜੇਕਰ ਤੀਜੀ ਕਾਊਂਸਲਿੰਗ ਤੋਂ ਬਾਅਦ ਸੀਟਾਂ ਬਚਦੀਆਂ ਹਨ ਤਾਂ ਹੀ ਦੂਜੇ ਸਕੂਲਾਂ ਵਿਚ ਤਬਾਦਲਾ ਕੀਤਾ ਜਾਵੇਗਾ। ਡੈਪੂਟੇਸ਼ਨ ਅਧਿਆਪਕਾਂ ਦੀ ਇੰਟਰਵਿਊ ਯੂਟੀ ਦੇ ਸਿਵਲ ਸਕੱਤਰੇਤ ਵਿਚ ਅੱਜ ਡੈਪੂਟੇਸ਼ਨ ਵਾਲੇ ਅਧਿਆਪਕਾਂ ਦੀ ਇੰਟਰਵਿਊ ਸਮਾਪਤ ਹੋਈ। ਇਹ ਇੰਟਰਵਿਊ ਸਿੱਖਿਆ ਸਕੱਤਰ ਬੀ ਐਲ ਸ਼ਰਮਾ ਵਲੋਂ ਲਈ ਗਈ। ਸਕੱਤਰ ਨੇ ਪੰਜਾਬ ਤੇ ਹਰਿਆਣਾ ਦੇ 100 ਅਧਿਆਪਕਾਂ ਦੀ ਤਿੰਨ ਪੜ੍ਹਾਵਾਂ ਵਿਚ ਇੰਟਰਵਿਊ ਲਈ। ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਵਲੋਂ ਇਨ੍ਹਾਂ ਵਿਚੋਂ 35 ਅਧਿਆਪਕਾਂ ਨੂੰ ਅਗਸਤ ਮਹੀਨੇ ਵਿਚ ਸਕੂਲਾਂ ਵਿਚ ਜੁਆਇਨ ਕਰਵਾ ਲਿਆ ਜਾਵੇਗਾ। ਸਕੱਤਰ ਨੇ ਦੱਸਿਆ ਕਿ ਪੰਜਾਬੀ, ਹਿੰਦੀ ਤੇ ਸੰਸਕ੍ਰਿਤ ਦੇ ਅਧਿਆਪਕਾਂ ਦੀ ਇੰਟਰਵਿਊ ਦਾ ਨਤੀਜਾ ਅਗਲੇ ਹਫਤੇ ਜਾਰੀ ਕਰ ਦਿੱਤਾ ਜਾਵੇਗਾ।