ਪੀਯੂ: ਉਪ-ਕੁਲਪਤੀ ਨੇ ਸਿੰਡੀਕੇਟ ਮੀਟਿੰਗ ਵਿਚਾਲੇ ਛੱਡੀ

31

July

2019

ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੀ ਅੱਜ ਹੋਈ ਮੀਟਿੰਗ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਮੀਟਿੰਗ ਦੇ ਕੁਝ ਏਜੰਡਿਆਂ ਉੱਤੇ ਚਰਚਾ ਕਰਨ ਉਪਰੰਤ ਸਿਹਤ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਮੀਟਿੰਗ ਰੱਦ ਕਰ ਦਿੱਤੀ। ਮੀਟਿੰਗ ਵਿਚ ਕੁੱਲ 30 ਏਜੰਡਿਆਂ ਵਿਚੋਂ 25 ਆਈਟਮਾਂ ਉਤੇ ਹੀ ਵਿਚਾਰ ਵਟਾਂਦਰਾ ਹੋ ਸਕਿਆ ਤੇ ਬਾਕੀ ਏਜੰਡੇ ਪੈਂਡਿੰਗ ਕਰ ਦਿੱਤੇ ਗਏ। ਉਨ੍ਹਾਂ ਨੂੰ ਸਿੰਡੀਕੇਟ ਦੀ ਅਗਲੀ ਮੀਟਿੰਗ ਵਿਚ ਵਿਚਾਰਨ ਦੀ ਗੱਲ ਕਹੀ ਗਈ। ਇਸੇ ਦੌਰਾਨ ਮੀਟਿੰਗ ਵਿਚ ਹਾਜ਼ਰ ਸਿੰਡੀਕੇਟ ਮੈਂਬਰਾਂ ਵੱਲੋਂ ਉਪ-ਕੁਲਪਤੀ ਦੀ ਕਾਰਜਪ੍ਰਣਾਲੀ ਉੱਤੇ ਕਈ ਸਵਾਲੀਆ ਚਿੰਨ੍ਹ ਲਗਾਏ ਗਏ। ਮੀਟਿੰਗ ਵਿਚ ਪੰਜਾਬ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਕੈਸ਼ਲੈੱਸ ਇਲਾਜ ਕਰਵਾਉਣ ਦੀ ਸੁਵਿਧਾ ਦੇਣ ਦੇ ਲਈ ਪੀਯੂ ਵੱਲੋਂ 6 ਪ੍ਰਾਈਵੇਟ ਹਸਪਤਾਲਾਂ ਨਾਲ ਐਗਰੀਮੈਂਟ ਕਰਨ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਛੇ ਹਸਪਤਾਲਾਂ ਵਿਚ ਪੰਜ ਹਸਪਤਾਲ ਇੰਡਸ ਹਸਪਤਾਲ, ਗ੍ਰੇਸ਼ੀਅਨ, ਜੇਪੀਆਈ ਹਸਪਤਾਲ, ਸ਼ੈਲਬੀ, ਮੈਕਸ, ਆਈਵੀ ਮੁਹਾਲੀ ਸ਼ਾਮਲ ਹਨ ਜਦਕਿ ਇੱਕ ਹਸਪਤਾਲ ਲੁਧਿਆਣਾ ਵਿਚ ਸਥਿਤ ਹੈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ੋਕ ਗੋਇਲ, ਪ੍ਰੋ. ਨਦਵੀਪ ਗੋਇਲ ਨੇ ਕਿਹਾ ਕਿ ਮੀਟਿੰਗ ਵਿਚ ਸਿੰਡੀਕੇਟ ਮੈਂਬਰਾਂ ਨੇ ਪੀਯੂ ਵੱਲੋਂ ਦਿੱਤੇ ਇਸ਼ਤਿਹਾਰ ਵਿਚ ਦਿੱਤੀਆਂ 26 ਸਹਾਇਕ ਪ੍ਰੋਫੈਸਰਾਂ ਦੀਆਂ ਅਸਾਮੀਆਂ ਨੂੰ ਮਨਮਰਜ਼ੀ ਨਾਲ ਬਦਲੇ ਜਾਣ ਬਾਰੇ ਪੁੱਛਿਆ ਤਾਂ ਉਪ ਕੁਲਪਤੀ ਕੋਲ ਕੋਈ ਜਵਾਬ ਨਹੀਂ ਸੀ। ਪੂਟਾ ਪ੍ਰਧਾਨ ਪ੍ਰੋ. ਰਾਜੇਸ਼ ਗਿੱਲ ਦੀ ਚਿੱਠੀ ਦਾ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਕੋਈ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਇਕ ਸਾਲ ਤੋਂ ਕੁਝ ਚੋਣਵੇਂ ਲੋਕਾਂ ਨੂੰ ਹੀ ਸਾਰੀਆਂ ਕਮੇਟੀਆਂ ਵਿੱਚ ਰੱਖਿਆ ਜਾ ਰਿਹਾ ਹੈ। ਪ੍ਰੋ. ਨਵਦੀਪ ਗੋਇਲ ਨੇ ਕਿਹਾ ਕਿ ਜਿਨ੍ਹਾਂ ਵਿਭਾਗਾਂ ਵਿਚ ਵਿਦਿਆਰਥੀ ਘੱਟ ਹਨ ਅਤੇ ਅਧਿਆਪਕ ਪਹਿਲਾਂ ਤੋਂ ਹੀ ਹਨ, ਉਥੇ ਤਾਂ ਨਵੀਆਂ ਅਸਾਮੀਆਂ ਲਈ ਇਸ਼ਤਿਹਾਰ ਦੇ ਦਿੱਤਾ ਹੈ ਜਦ ਕਿ ਜਿਥੇ ਘੱਟ ਹਨ ਉਥੇ ਕੋਈ ਧਿਆਨ ਨਹੀਂ ਦਿੱਤਾ ਗਿਆ। ਸਿੰਡੀਕੇਟ ਵੱਲੋਂ ਦਿਆਨੰਦ ਚੇਅਰ ਫਾਰ ਵੈਦਿਕ ਸਟੱਡੀਜ਼ ਵਿਭਾਗ ਵਿਚ ਅਕਾਦਮਿਕ ਸੈਸ਼ਨ 2019-20 ਤੋਂ ਵੈਦਿਕ ਸਟੱਡੀਜ਼ ਦੇ ਸਰਟੀਫਿਕੇਟ ਕੋਰਸ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਨੇ ਨੌਟਿੰਘਮ ਟਰੈਂਟ ਯੂਨੀਵਰਸਿਟੀ (ਐਨ.ਟੀ.ਯੂ.) ਯੂ.ਕੇ. ਨਾਲ ਸਮਝੌਤਾ ਕੀਤਾ ਹੈ। ਪ੍ਰੋ. ਸਿਲੀਅਨ ਰਿਆਨ ਪ੍ਰੋ-ਵਾਈਸ ਚਾਂਸਲਰ ਅਤੇ ਮਿਸ ਵਿਧੀ ਸਹਾਏ, ਰੀਜਨਲ ਪਾਰਟਨਰਸ਼ਿਪ ਕੋਆਰਡੀਨੇਟਰ (ਸਾਊਥ ਏਸ਼ੀਆ, ਏ.ਐਸ.ਈ.ਏ.ਐਨ. ਅਤੇ ਆਸਟਰੇਲੀਆ), ਨੌਟਿੰਘਮ ਟਰੈਂਟ ਯੂਨੀਵਰਸਿਟੀ ਵੱਲੋਂ ਅੱਜ ਪੰਜਾਬ ਯੂਨੀਰਵਸਿਟੀ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਪੀਯੂ. ਦੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨਾਲ ਮੁਲਾਕਾਤ ਕੀਤੀ। ਵਿਦਿਆਰਥੀਆਂ ਦੇ ਸੰਘਰਸ਼ ਅੱਗੇ ਝੁਕਿਆ ਪੀਯੂ ਪ੍ਰਸ਼ਾਸਨ਼ ਪ੍ਰਸ਼ਾਸਕੀ ਬਲਾਕ ਦੇ ਬਾਹਰ ਧਰਨਾ ਦਿੰਦੇ ਹੋਏ ਵਿਦਿਆਰਥੀ। ਸਿੰਡੀਕੇਟ ਦੀ ਮੀਟਿੰਗ ਦੌਰਾਨ ਪ੍ਰਸ਼ਾਸਕੀ ਬਲਾਕ ਦੇ ਬਾਹਰ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਐੱਸਓਆਈ) ਨੇ ਫੀਸਾਂ ਵਿਚ ਵਾਧੇ ਖ਼ਿਲਾਫ਼਼ ਨਾਅਰੇਬਾਜ਼ੀ ਕੀਤੀ। ਇਸੇ ਮਾਮਲੇ ਨੂੰ ਲੈ ਕੇ ਬੀਤੇ ਦਿਨ ਤੋਂ ਭੁੱਖ ਹੜਤਾਲ ’ਤੇ ਬੈਠੇ ਜਥੇਬੰਦੀ ਦੇ ਆਗੂ ਚੇਤਨ ਚੌਧਰੀ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਉਪ-ਕੁਲਪਤੀ ਖ਼ਿਲਾਫ਼ ਨਾਅਰੇ ਲਗਾਏ। ਵਿਦਿਆਰਥੀਆਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਮੇਨ ਗੇਟ ਉੱਤੇ ਬੈਰੀਕੇਡ ਲਗਾ ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸੇ ਦੌਰਾਨ ਯੂਨੀਵਰਸਿਟੀ ਮੈਨੇਜਮੈਂਟ ਨੇ ਫੀਸਾਂ ’ਚ ਵਾਧਾ ਵਾਪਸ ਲੈਣ ਅਤੇ ਟਰਾਂਸਫਰ ਹੋਏ ਕੇ ਆਉਣ ਵਾਲੇ ਵਿਦਿਆਰਥੀਆਂ ਤੋਂ ਦੁੱਗਣੀ ਫੀਸ ਵਸੂਲਣ ਦੀ ਬਜਾਇ ਆਮ ਫੀਸ ਲੈਣ ਸਬੰਧੀ ਸ਼ਰਤ ਮੰਨੀ ਅਤੇ ਐੱਸਓਆਈ ਨੇ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਗਈ। ਭੁੱਖ ਹੜਤਾਲ ਉੱਤੇ ਬੈਠੇ ਚੇਤਨ ਚੌਧਰੀ ਨੂੰ ਅਧਿਕਾਰੀਆਂ ਨੇ ਜੂਸ ਪਿਲਾ ਕੇ ਹੜਤਾਲ ਖ਼ਤਮ ਕਰਵਾਈ ਗਈ।