‘ਭਾਈ! ਬਿਜਲੀ ਵਾਲੇ ਆਏ ਨੇ, ਕੁੰਡੀਆਂ ਲਾਹ ਦਿਓ ਤੇ ਘੇਰਾ ਪਾ ਲਓ’

25

July

2019

ਬਠਿੰਡਾ ‘ਭਾਈ, ਬਿਜਲੀ ਵਾਲੇ ਆ ਗਏ ਨੇ, ਕੁੰਡੀਆਂ ਲਾਹ ਦਿਓ ਤੇ ਘੇਰਾ ਪਾ ਲਓ’। ਗੁਰੂ ਘਰ ’ਚੋਂ ਇਹ ਮੁਨਿਆਦੀ ਉਦੋਂ ਹੋਈ ਜਦੋਂ ਪਾਵਰਕੌਮ ਦੇ ਉੱਡਣ ਦਸਤੇ ਨੇ ਇਕ ਪਿੰਡ ਵਿਚ ਬਿਜਲੀ ਚੋਰੀ ਫੜਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਛਾਪਾ ਮਾਰਿਆ। ਉੱਡਣ ਦਸਤੇ ਦੇ ਇੰਚਾਰਜ ਐਕਸੀਅਨ ਨੇ ਬਠਿੰਡਾ-ਮੁਕਤਸਰ ਰੋਡ ’ਤੇ ਪੈਂਦੇ ਇਕ ਪਿੰਡ ਦੀ ਇਹ ਘਟਨਾ ਸੁਣਾਈ ਹੈ, ਜਿੱਥੋਂ ਦੇ ਗੁਰਦੁਆਰੇ ਵਿਚੋਂ ਲੋਕਾਂ ਨੂੰ ਫੌਰੀ ਕੁੰਡੀਆਂ ਲਾਹੁਣ ਲਈ ਸੁਚੇਤ ਕੀਤਾ ਗਿਆ। ਇੰਜ ਹੀ ਬੀਤੇ ਦਿਨ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ’ਚ ਵਾਪਰਿਆ, ਜਿੱਥੋਂ ਦੇ ਗੁਰਦੁਆਰੇ ਵਿਚ ਵੀ ਇਸੇ ਤਰਜ਼ ’ਤੇ ਮੁਨਿਆਦੀ ਹੋਈ ਸੀ। ਥਾਣਾ ਨਿਹਾਲ ਸਿੰਘ ਵਾਲਾ ’ਚ ਦਰਜ ਐੱਫਆਈਆਰ ਨੰਬਰ 19 ਅਨੁਸਾਰ ਜਦੋਂ ਬਿਜਲੀ ਵਿਭਾਗ ਦੀ ਟੀਮ ਨੇ ਪਿੰਡ ਹਿੰਮਤਪੁਰਾ ਵਿਚ ਛਾਪਾ ਮਾਰਿਆ ਤਾਂ ਉਦੋਂ ਹੀ ਪਿੰਡ ਦੇ ਗੁਰਦੁਆਰੇ ਵਿਚੋਂ ਕਿਸੇ ਨੇ ਮੁਨਿਆਦੀ ਕਰ ਦਿੱਤੀ ਕਿ ਬਿਜਲੀ ਵਾਲੇ ਚੈਕਿੰਗ ਕਰਨ ਆਏ ਨੇ, ਉਨ੍ਹਾਂ ਨੂੰ ਰੋਕਿਆ ਜਾਵੇ। ਪਿੰਡ ਵਾਲੇ ਇਕੱਠੇ ਹੋ ਗਏ ਅਤੇ ਉੱਡਣ ਦਸਤੇ ਨੂੰ ਰੋਕ ਦਿੱਤਾ। ਮਾਨਸਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਵੀ ਕੁਝ ਸਮਾਂ ਪਹਿਲਾਂ ਇੰਜ ਦੀ ਮੁਨਿਆਦੀ ਹੋਈ ਸੀ। ਪਿੰਡ ਵਜੀਦਕੇ ’ਚ ਵੀ ਬਿਜਲੀ ਟੀਮ ਦੇ ਘਿਰਾਓ ਤੋਂ ਪਹਿਲਾਂ ਗੁਰਦੁਆਰੇ ’ਚੋਂ ਮੁਨਿਆਦੀ ਹੋਈ ਸੀ। ਐਕਸੀਅਨ ਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਜਦੋਂ ਉਹ ਛਾਪੇ ਮਾਰਦੇ ਹਨ ਤਾਂ ਅਕਸਰ ਲੋਕ ਇਕ ਦੂਜੇ ਨੂੰ ਇਹ ਆਖਦੇ ਸੁਣੇ ਜਾਂਦੇ ਹਨ, ‘ਐਵੇਂ ਬਿੱਲ ਭਰੀ ਜਾਨੈਂ, ਤੂੰ ਕੁੰਡੀ ਨੀਂ ਲਾਈ, ਕਮਾਲ ਦਾ ਬੰਦਾ ਐਂ।’ ਉਨ੍ਹਾਂ ਆਖਿਆ ਕਿ ਪਹਿਲਾਂ ਲੋਕ ਬਿਜਲੀ ਚੋਰੀ ਦਾ ਭੇਤ ਖੁੱਲ੍ਹਣ ’ਤੇ ਸ਼ਰਮ ਮੰਨਦੇ ਸਨ ਪਰ ਹੁਣ ਇਸ ਨੂੰ ਮਾਣ ਵਾਲੀ ਗੱਲ ਸਮਝਦੇ ਹਨ। ਵੇਰਵਿਆਂ ਅਨੁਸਾਰ ਤਰਨ ਤਾਰਨ ਜ਼ਿਲ੍ਹੇ ਵਿਚ ਵੀ ਉੱਡਣ ਦਸਤੇ ਨੂੰ ਘੇਰਨ ਲਈ ਮੁਨਿਆਦੀ ਹੋਈ ਸੀ। ਦੱਸਣਯੋਗ ਹੈ ਕਿ ਕਾਫ਼ੀ ਸਮੇਂ ਮਗਰੋਂ ਪਾਵਰਕੌਮ ਨੇ ਰੋਜ਼ਾਨਾ ਛਾਪੇ ਮਾਰਨੇ ਸ਼ੁਰੂ ਕੀਤੇ ਹਨ। ਬੀਤੇ ਦਿਨ ਬਾਘਾਪੁਰਾਣਾ ਸਬ ਡਿਵੀਜ਼ਨ ਵਿਚ 13 ਉੱਡਣ ਦਸਤਿਆਂ ਨੇ 316 ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ, ਜਿਨ੍ਹਾਂ ਵਿਚੋਂ 39 ਬਿਜਲੀ ਚੋਰੀ ਦੇ ਕੇਸ ਫੜੇ ਗਏ ਹਨ। ਕੁੱਲ 65 ਕੁਨੈਕਸ਼ਨ ਨਿਯਮਾਂ ਦੀ ਉਲੰਘਣਾ ਵਾਲੇ ਫੜੇ ਗਏ ਹਨ। ਕਰੀਬ 19.17 ਲੱਖ ਰੁਪਏ ਦਾ ਜੁਰਮਾਨਾ ਪਾਇਆ ਗਿਆ ਹੈ। ਐਨਫੋਰਸਮੈਂਟ ਬਠਿੰਡਾ ਦੇ ਨਿਗਰਾਨ ਇੰਜਨੀਅਰ ਸੁਰੇਸ਼ ਗਰਗ ਨੇ ਆਖਿਆ ਕਿ ਬਿਜਲੀ ਚੋਰੀ ਫੜਨ ਦੀ ਮੁਹਿੰਮ ਜਾਰੀ ਰਹੇਗੀ। ਪਾਵਰਕੌਮ ਵੱਲੋਂ ਹੁਣ ਤਕ ਜ਼ੀਰਾ, ਵਜੀਦਕੇ, ਤਰਨ ਤਾਰਨ ਅਤੇ ਹਿੰਮਤਪੁਰਾ ਮਾਮਲੇ ਵਿਚ ਕੇਸ ਦਰਜ ਕਰਾਏ ਜਾ ਚੁੱਕੇ ਹਨ ਅਤੇ ਦਰਜਨਾਂ ਪਿੰਡਾਂ ਵਿਚ ਬਿਜਲੀ ਟੀਮਾਂ ਦਾ ਲੋਕਾਂ ਵੱਲੋਂ ਘਿਰਾਓ ਵੀ ਹੋ ਚੁੱਕਾ ਹੈ। ਪਾਵਰਕੌਮ ਵੱਲੋਂ 91 ਖਪਤਕਾਰਾਂ ਨੂੰ ਜੁਰਮਾਨੇ ਪਟਿਆਲਾ : ਪਾਵਰਕੌਮ ਵੱਲੋਂ ਬਿਜਲੀ ਚੋਰੀ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਬੀਤੇ ਦਿਨ ਤੇ ਅੱਜ ਬਠਿੰਡਾ ਜ਼ਿਲ੍ਹੇ ਦੇ ਬਾਘਾਪੁਰਾਣਾ ਡਿਵੀਜ਼ਨ ਅਤੇ ਬਰਨਾਲਾ ਸਰਕਲ ਦੀਆਂ ਦਿਹਾਤੀ ਅਤੇ ਸਿਟੀ ਡਿਵੀਜ਼ਨਾਂ ਵਿਚ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ। ਇਸ ਦੌਰਾਨ 29.25 ਲੱਖ ਰੁਪਈ ਦੀ ਬਿਜਲੀ ਚੋਰੀ ਲਈ 61 ਖਪਤਕਾਰਾਂ ਨੂੰ ਜੁਰਮਾਨਾ ਲਗਾਇਆ ਗਿਆ। ਪਾਵਰਕੌਮ ਦੇ ਸੀਐੱਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਆਖਿਆ ਕਿ ਬਿਜਲੀ ਚੋਰੀ ਖ਼ਿਲਾਫ਼ ਮੁਹਿੰਮ ਸਫ਼ਲਤਾਪੂਰਵਕ ਅੱਗੇ ਵਧ ਰਹੀ ਹੈ।