ਪੇਚਿਸ਼ ਮਾਮਲਾ: ਪਿੰਡ ਭਬਾਤ ਵਿੱਚ ਸਿਹਤ ਵਿਭਾਗ ਨੇ ਦਿੱਤੀ ਦਸਤਕ

25

July

2019

ਜ਼ੀਰਕਪੁਰ, ਨੇੜਲੇ ਪਿੰਡ ਭਬਾਤ ਵਿਚ ਦੂਸ਼ਿਤ ਪਾਣੀ ਕਾਰਨ ਫੈਲੇ ਪੇਚਿਸ਼ ਦੀ ਖ਼ਬਰ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਹੋਣ ਮਗਰੋਂ ਅੱਜ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਅੱਜ ਸਵੇਰੇ ਪਿੰਡ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਦਾ ਹਾਲ ਜਾਣਿਆ। ਉਨ੍ਹਾਂ ਨੇ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜਸਾਧਕ ਅਧਿਕਾਰੀ ਨੂੰ ਪਿੰਡ ਵਿਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਤੁਰੰਤ ਬੰਦ ਕਰਨ ਅਤੇ ਪੀਣ ਲਈ ਸਾਫ਼ ਪਾਣੀ ਦੇ ਭਰੇ ਟੈਂਕਰਾਂ ਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਹਿਲੇ ਨਜ਼ਰੇ ਲੱਗਦਾ ਹੈ ਕਿ ਇਹ ਸਮੱਸਿਆ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਰਲ ਜਾਣ ਕਾਰਨ ਸਾਹਮਣੇ ਆਈ ਹੈ। ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਨੇ ਸਿਵਲ ਸਰਜਨ ਨੂੰ ਦੱਸਿਆ ਕਿ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ ਲੀਕ ਹੋਣ ਦੀ ਜਾਣਕਾਰੀ ਦਿੱਤੀ ਸੀ ਹਰ ਠੋਸ ਕਾਰਵਾਈ ਨਹੀਂ ਹੋਈ। ਸਿਵਲ ਸਰਜਨ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਨੇ ਫ਼ੌਰੀ ਕਾਰਵਾਈ ਕਰਦਿਆਂ ਸਥਾਨਕ ਡਿਸਪੈਂਸਰੀ ਵਿਚ ਮੈਡੀਕਲ ਕੈਂਪ ਲਗਾਇਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ 340 ਘਰਾਂ ਦਾ ਸਰਵੇ ਕੀਤਾ ਹੈ ਅਤੇ ਹੁਣ ਤੱਕ ਪੇਚਿਸ਼ ਦੇ ਕੁੱਲ 24 ਮਰੀਜ਼ ਸਾਹਮਣੇ ਆਏ ਹਨ। ਪ੍ਰਭਾਵਿਤ ਇਲਾਕੇ ਵਿਚੋਂ ਪਾਣੀ ਦੇ ਲੋੜੀਂਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਭੇਜੇ ਗਏ ਹਨ। ਸਿਹਤ ਟੀਮਾਂ ਨੇ ਘਰ ਘਰ ਜਾ ਕੇ ਓਆਰਐਸ ਦੇ 350 ਪੈਕੇਟ ਅਤੇ ਕਲੋਰੀਨ ਦੀਆਂ 3000 ਗੋਲੀਆਂ ਵੰਡੀਆਂ ਹਨ। ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਗੰਭੀਰ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਵੇ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਨੂੰ ਉਬਾਲ ਕੇ ਪੀਤਾ ਜਾਵੇ ਤੇ ਸਬਜ਼ੀਆਂ, ਫੱਲ ਧੋ ਕੇ ਵਰਤੀਆਂ ਜਾਣ। ਕੁੱਝ ਵੀ ਖਾਣ ਤੋਂ ਪਹਿਲਾਂ ਅਤੇ ਪਖ਼ਾਨਾ ਜਾਣ ਮਗਰੋਂ ਵੀ ਹੱਥ ਚੰਗੀ ਤਰ੍ਹਾਂ ਧੋਏ ਜਾਣ ਤੇ ਆਲੇ-ਦੁਆਲੇ ਦੀ ਸਫ਼ਾਈ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਵਿਚ ਡਾਕਟਰੀ ਕੈਂਪ ਲਗਾਤਾਰ ਚਲਦਾ ਰਹੇਗਾ। ਜੇਕਰ ਕਿਸੇ ਵਿਅਕਤੀ ਨੂੰ ਪੇਚਿਸ਼ ਹੈ ਤਾਂ ਉਹ ਕੈਂਪ ਵਿਚ ਜਾ ਕੇ ਦਵਾਈ ਲੈ ਸਕਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਕੁਲਦੀਪ ਸਿੰਘ ਵੀ ਹਾਜ਼ਰ ਸਨ। ਦੂਸ਼ਿਤ ਪਾਣੀ ਦੀ ਸਪਲਾਈ ਜਾਰੀ ਪਿੰਡ ਭਬਾਤ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਜਾਰੀ ਹੈ। ਸਿਹਤ ਵਿਭਾਗ ਨੇ ਪਿੰਡ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਬੰਦ ਕਰ ਕੇ ਟੈਂਕਰਾਂ ਰਾਹੀਂ ਸਾਫ ਪਾਣੀ ਸਪਲਾਈ ਕਰਨ ਦੀ ਹਦਾਇਤ ਕੀਤੀ ਹੈ ਪਰ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਪਿੰਡ ਵਿੱਚ ਪਾਣੀ ਦੀ ਸਪਲਾਈ ਕਰਨ ਲਈ ਕੋਈ ਵੀ ਟੈਂਕਰ ਨਹੀਂ ਪਹੁੰਚਿਆ ਸੀ। ਇਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।