ਪਾਣੀ ਦੇ ਬਿੱਲ ਨਾ ਭਰਨ ਵਾਲਿਆਂ ਦੇ ਸੀਵਰੇਜ ਦੇ ਕੁਨੈਕਸ਼ਨ ਵੀ ਕੱਟੇ ਜਾਣਗੇ

15

July

2019

ਚੰਡੀਗੜ੍ਹ, ਨਗਰ ਨਿਗਮ ਚੰਡੀਗੜ੍ਹ ਨੇ ਪਾਣੀ ਦੇ ਬਿੱਲ ਨਾ ਭਰਨ ਵਾਲੇ ਕੁਨੈਕਸ਼ਨ ਧਾਰਕਾਂ ਦੇ ਸੀਵਰੇਜ ਦੇ ਕੁਨੈਕਸ਼ਨ ਵੀ ਕੱਟਣ ਦੀ ਤਿਆਰੀ ਕੱਸ ਲਈ ਹੈ। ਨਿਗਮ ਵੱਲੋਂ ਲੰਮੇਂ ਸਮੇਂ ਤੋਂ ਪਾਣੀ ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ ਡਿਫਾਲਟਰਾਂ ਦੀ ਨਵੇਂ ਸਿਰਿਓਂ ਸ਼ਨਾਖਤ ਕਰਕੇ ਉਨ੍ਹਾਂ ਸੂੁਚੀ ਤਿਆਰ ਕਰ ਲਈ ਹੈ। ਸੂਤਰਾਂ ਅਨੁਸਾਰ ਨਿਗਮ ਵੱਲੋਂ ਅਜਿਹੇ ਡਿਫਾਲਟਰਾਂ ਕੋਲੋਂ ਲੰਮੇਂ ਸਮੇਂ ਤੋਂ ਬਿੱਲ ਨਾ ਵਸੂਲਣ ਵਾਲੇ ਅਧਿਕਾਰੀਆਂ ਦੀ ਵੀ ਖ਼ਬਰ ਲਈ ਜਾ ਰਹੀ ਹੈ। ਨਿਗਮ ਕਮਿਸ਼ਨਰ ਕੇਕੇ ਯਾਦਵ ਨੇ ਪਾਣੀ ਦੇ ਬਿੱਲ ਨਾ ਭਰਨ ਵਾਲੇ ਡਿਫਾਲਟਰਾਂ ਦੀ ਨਵੇਂ ਸਿਰਓਂ ਸੂਚੀ ਤਿਆਰ ਕਰਵਾਈ ਹੈ। ਪਾਣੀ ਦੇ ਬਿੱਲ ਨਾ ਤਾਰਨ ਵਾਲੇ ਬਹੁਤੇ ਡਿਫਾਲਟਰਾਂ ਦੇ ਪਾਣੀ ਦੇ ਕੁਨੈਕਸ਼ਨ ਪਹਿਲਾਂ ਹੀ ਕੱਟੇ ਗਏ ਹਨ। ਇਨ੍ਹਾਂ ਵਿੱਚੋਂ ਬਹੁਤੇ ਡਿਫਾਲਟਰ ਕਮਰਸ਼ੀਅਲ ਇਮਾਰਤਾਂ ਦੇ ਮਾਲਕ ਹਨ। ਸੂਤਰਾਂ ਅਨੁਸਾਰ ਕੁਝ ਅਜਿਹੇ ਡਿਫਾਲਟਰ ਵੀ ਸਾਹਮਣੇ ਆਏ ਹਨ, ਜੋ ਲੰਮੇਂ ਸਮੇਂ ਤੋਂ ਪਾਣੀ ਦੇ ਕੁਨੈਕਸ਼ਨ ਕੱਟੇ ਹੋਣ ਦੇ ਬਾਵਜੂਦ ਉਸੇ ਕਰਮਸ਼ੀਅਲ ਪ੍ਰਾਪਰਟੀ ਵਿੱਚ ਆਪਣਾ ਬਿਜ਼ਨਸ ਚਲਾਉਂਦੇ ਆ ਰਹੇ ਹਨ। ਸੂਤਰਾਂ ਅਨੁਸਾਰ ਅਜਿਹੇ ਕੁਝ ਡਿਫਾਲਟਰ ਤਰਕ ਦਿੰਦੇ ਹਨ ਕਿ ਉਹ ਪ੍ਰਾਈਵੇਟ ਪਾਣੀ ਦੇ ਟੈਂਕਰ ਮੰਗਵਾ ਕੇ ਕੰਮ ਸਾਰ ਰਹੇ ਹਨ ਪਰ ਉੱਚ ਅਧਿਕਾਰੀਆਂ ਨੂੰ ਇਹ ਤਰਕ ਹਜ਼ਮ ਨਹੀਂ ਹੋ ਰਿਹਾ। ਪਤਾ ਲੱਗਾ ਹੈ ਕਿ ਇਸ ਸਬੰਧ ’ਚ ਕਮਿਸ਼ਨਰ ਨੇ ਪਬਲਿਕ ਹੈਲਥ ਵਿਭਾਗ ਦੇ ਸਬੰਧਤ ਇੰਜਨੀਅਰਾਂ ਅਤੇ ਅਧਿਕਾਰੀਆਂ ਦੀ ਮੀਟਿੰਗ ਕਰਕੇ ਪਾਣੀ ਦੇ ਬਿੱਲ ਨਾ ਭਰਨ ਵਾਲੇ ਡਿਫਾਲਟਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦਾ ਸ਼ਿਕੰਜ਼ਾ ਕੱਸਣ ਦੀ ਰਣਨੀਤੀ ਬਣਾਈ ਹੈ। ਸੂਤਰਾਂ ਅਨੁਸਾਰ ਮੁਫਤੋ-ਮੁਫਤੀ ਪਾਣੀ ਡਕਾਰਨ ਵਾਲੇ ਡਿਫਾਲਟਰਾਂ ਦੀਆਂ ਇਮਾਰਤਾਂ ਦੇ ਸੀਵਰੇਜ ਦੇ ਕੁਨੈਕਸ਼ਨ ਵੀ ਕੱਟਣ ਦੀ ਰਣਨੀਤੀ ਬਣਾਈ ਗਈ ਹੈ। ਇਸ ਤਹਿਤ ਪਹਿਲਾਂ ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਜੇ ਉਹ ਫਿਰ ਵੀ ਪਾਣੀ ਦੇ ਬਿੱਲ ਜਮਾਂ ਨਹੀਂ ਕਰਵਾਉਣਗੇ ਤਾਂ ਉਨ੍ਹਾਂ ਦੇ ਸੀਵਰੇਜ ਦੇ ਕੁਨੈਕਸ਼ਨ ਕੱਟਣ ਦੀ ਮੁਹਿੰਮ ਚਲਾਈ ਜਾਵੇਗੀ। ਸੂਤਰਾਂ ਅਨੁਸਾਰ ਇਸ ਮੁਹਿੰਮ ਦੇ ਪਹਿਲੇ ਪੜਾਅ ਵਿਚ ਇਕ ਪੈਟਰੋਲ ਪੰਪ ਦੇ ਮਾਲਕ ਸਮੇਤ ਹੋਰ ਕਈ ਵੱਡੇ ਘਰਾਣਿਆਂ ਦੇ ਸੀਵਰੇਜ ਦੇ ਕੁਨੈਕਸ਼ਨ ਕੱਟੇ ਜਾ ਸਕਦੇ ਹਨ। ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ’ਤੇ ਵੀ ਕੱਸਿਆ ਸ਼ਿਕੰਜਾ ਨਿਗਮ ਨੇ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਵਿਰੁੱਧ ਵੀ ਵਿਆਪਕ ਕਾਰਵਾਈ ਵਿੱਢ ਦਿੱਤੀ ਹੈ ਜਿਸ ਤਹਿਤ ਜਾਇਦਾਦ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ 6500 ਦੇ ਕਰੀਬ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਹ ਡਿਫਾਲਟਰ ਸੈਕਟਰ 38, 39, 42, 48, 51, 55 ਤੇ ਸੈਕਟਰ 63 ਅਤੇ ਮਨੀਮਾਜਰਾ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 1800 ਤੋਂ ਵੱਧ ਡਿਫਾਲਟਰ ਸੈਕਟਰ 55 ਅਤੇ ਉਸ ਤੋਂ ਬਾਅਦ 600 ਤੋਂ ਵੱਧ ਮਨੀਮਾਜਰਾ ਨਾਲ ਸਬੰਧਤ ਹਨ।