Arash Info Corporation

ਪਰਾਲੀ ਖਾਣ ਮਗਰੋਂ ਨੌਂ ਮੱਝਾਂ ਦੀ ਮੌਤ; 15 ਦੀ ਹਾਲਤ ਗੰਭੀਰ

13

July

2019

ਬਨੂੜ, ਨੇੜਲੇ ਪਿੰਡ ਜੰਗਪੁਰਾ ਦੇ ਖੇਤਾਂ ਵਿੱਚ ਮੱਝਾਂ ਰੱਖਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਗੁੱਜਰ-ਗਵਾਲਿਆਂ ਦੀਆਂ 9 ਮੱਝਾਂ ਦੀ ਮੌਤ ਹੋ ਗਈ ਹੈ। ਪੰਦਰਾਂ ਮੱਝਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਅਤੇ ਹੋਰ ਅਮਲੇ ਨੂੰ ਸੂਚਿਤ ਕਰਨ ਦੇ ਬਾਵਜੂਦ ਰਾਤੀਂ ਸਾਢੇ ਅੱਠ ਵਜੇ ਤੱਕ ਇਹ ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਪਸ਼ੂਆਂ ਦੇ ਇਲਾਜ ਕਰਨ ਦੀ ਲੋੜ ਨਹੀਂ ਸਮਝੀ। ਗਰੀਬ ਪਰਿਵਾਰ ਸਾਰਾ ਦਿਨ ਜਾਂ ਤਾਂ ਬਿਮਾਰ ਮੱਝਾਂ ਦਾ ਆਪ ਹੀ ਅਹੁੜ-ਪਹੁੜ ਕਰਦੇ ਰਹੇ ਜਾਂ ਫਿਰ ਪ੍ਰਾਈਵੇਟ ਨੀਮ ਹਕੀਮਾਂ ਕੋਲੋਂ ਮੱਝਾਂ ਨੂੰ ਟੀਕੇ ਲੁਆਉਣ ਲਈ ਮਜ਼ਬੂਰ ਰਹੇ। ਸ਼ਾਮੀ ਸੱਤ ਵਜੇ ਪੱਤਰਕਾਰਾਂ ਦੇ ਧਿਆਨ ਵਿੱਚ ਮਾਮਲਾ ਆਉਣ ਮਗਰੋਂ ਮੀਡੀਆ ਦੀ ਟੀਮ ਜਦੋਂ ਮੌਕੇ ’ਤੇ ਪੁੱਜੀ ਤਾਂ ਉੱਥੇ ਮੱਝਾਂ ਦੀ ਹਾਲਤ ਬਹੁਤ ਖਰਾਬ ਸੀ। ਬਰਨਾਲਾ ਖੇਤਰ ਦੇ ਪਿੰਡ ਨਾਈਵਾਲਾ ਦੇ ਵਸਨੀਕ ਮੱਖਣ ਅਤੇ ਹੁਸ਼ਿਆਰਪੁਰ ਦੇ ਪਿੰਡ ਚੱਕ ਨਾਥਾ ਦੇ ਕਰੀਮ ਬਖ਼ਸ਼ ਨੇ ਦੱਸਿਆ ਕਿ ਉਹ ਪਿਛਲੇ ਅੱਠ ਸਾਲਾਂ ਤੋਂ ਇਸ ਖੇਤਰ ਵਿੱਚ ਰਹਿੰਦੇ ਹਨ ਤੇ ਮੱਝਾਂ ਚਾਰ ਕੇ ਗੁਜ਼ਾਰਾ ਕਰਦੇ ਹਨ। ਦੋਹਾਂ ਪਰਿਵਾਰਾਂ ਕੋਲ 100 ਦੇ ਕਰੀਬ ਮੱਝਾਂ ਹਨ। ਉਨ੍ਹਾਂ ਦੱਸਿਆ ਕਿ ਅੱਜ ਮੀਂਹ ਕਾਰਨ ਉਹ ਮੱਝਾਂ ਨੂੰ ਚੁਗਣ ਲਈ ਖੋਲ੍ਹ ਨਹੀਂ ਸਕੇ ਅਤੇ ਸਵੇਰੇ ਸੱਤ ਕੁ ਵਜੇ ਉਨ੍ਹਾਂ ਡੇਰੇ ਦੀ ਕੁੱਝ ਦੂਰੀ ਉੱਤੇ ਲੱਗੇ ਹੋਏ ਪਰਾਲੀ ਦੇ ਢੇਰ ਦੇ ਮਾਲਕ ਤੋਂ ਸਹਿਮਤੀ ਲੈ ਕੇ ਭੁੱਖੀਆਂ ਮੱਝਾਂ ਨੂੰ ਪਰਾਲੀ ਪਾ ਦਿੱਤੀ। ਪਰਾਲੀ ਖਾਣ ਤੋਂ ਬਾਅਦ ਮੱਝਾਂ ਕੰਬਣ ਲੱਗ ਗਈਆਂ ਅਤੇ 9 ਮੱਝਾਂ ਦੀ ਦੁਪਹਿਰ ਤੱਕ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 15 ਮੱਝਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਇਹ ਪਰਾਲੀ ਸਾਰੀਆਂ ਮੱਝਾਂ ਨੂੰ ਪਾਈ ਗਈ ਸੀ ਤੇ ਬਾਕੀ ਮੱਝਾਂ ਦੇ ਵੀ ਬਿਮਾਰ ਹੋਣ ਦਾ ਖਤਰਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਡਾਕਟਰ ਨੇ ਮੱਝਾਂ ਦਾ ਇਲਾਜ ਕੀਤਾ ਅਤੇ ਸਰਕਾਰੀ ਕਰਮਚਾਰੀ ਇਹ ਕਹਿ ਕੇ ਮੁੜ ਗਏ ਕਿ ਹੁਣ ਮੱਝਾਂ ਦਾ ਪ੍ਰਾਈਵੇਟ ਹੀ ਇਲਾਜ ਕਰਾਓ। ਵੈਟਰਨਰੀ ਅਫ਼ਸਰ ਤੇ ਡਿਪਟੀ ਡਾਇਰੈਕਟਰ ਵੱਲੋਂ ਸਪੱਸ਼ਟੀਕਰਨ ਬਨੂੜ ਪਸ਼ੂ ਹਸਪਤਾਲ ਦੇ ਵੈਟਰਨਰੀ ਅਫ਼ਸਰ ਡਾ. ਮੁਨੀਸ਼ ਨੇ ਦੱਸਿਆ ਕਿ ਸਬੰਧਤ ਵਿਅਕਤੀਆਂ ਨੇ ਉਨ੍ਹਾਂ ਨੂੰ ਕੋਈ ਸਿੱਧਾ ਫੋਨ ਨਹੀਂ ਕੀਤਾ। ਕਿਸੇ ਮੈਡੀਕਲ ਸਟੋਰ ਤੋਂ ਫ਼ੋਨ ਕਰਾਇਆ ਸੀ। ਉਨ੍ਹਾਂ ਕਿਹਾ ਕਿ ਪੁਖਤਾ ਜਾਣਕਾਰੀ ਨਾ ਹੋਣ ਕਾਰਨ ਉਹ ਮੌਕੇ ’ਤੇ ਨਹੀਂ ਪਹੁੰਚ ਸਕੇ। ਮੋਹੀ ਕਲਾਂ ਦੀ ਪਸ਼ੂ ਡਿਸਪੈਂਸਰੀ ਤੋਂ ਮੌਕੇ ’ਤੇ ਆਏ ਇੱਕ ਕਰਮਚਾਰੀ ਨੇ ਦੱਸਿਆ ਕਿ ਇੱਥੇ ਝਾਂਸਲਾਂ ਦੇ ਪਸ਼ੂ ਹਸਪਤਾਲ ਤੋਂ ਕਰਮਚਾਰੀ ਆ ਗਏ ਸਨ। ਇਸ ਕਰਕੇ ਉਨ੍ਹਾਂ ਨੇ ਖੁਦ ਕਿਸੇ ਹੋਰ ਨੂੰ ਸੂਚਿਤ ਨਹੀਂ ਕੀਤਾ। ਬਨੂੜ ਦੇ ਇੱਕ ਏਆਈ ਕਰਮਚਾਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਹੈ। ਇਸੇ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਮੁਹਾਲੀ ਸਥਿਤ ਡਿਪਟੀ ਡਾਇਰੈਕਟਰ ਡਾ. ਨਿਰਮਲਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਦਾ ਅਪਰੇਸ਼ਨ ਹੋਇਆ ਹੈ ਤੇ ਉਹ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ ਕਿ ਸਬੰਧਤ ਥਾਂ ਉੱਤੇ ਡਾਕਟਰੀ ਟੀਮ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋੜੀਂਦਾ ਇਲਾਜ ਯਕੀਨੀ ਬਣਾਇਆ ਜਾਵੇਗਾ।