ਰਸਾਇਣ ਫੈਕਟਰੀ ਦੇ ਮਲਬੇ ਵਿੱਚੋਂ ਇਕ ਹੋਰ ਲਾਸ਼ ਮਿਲੀ

13

July

2019

ਡੇਰਾਬੱਸੀ, ਇਥੋਂ ਦੀ ਮੁਬਾਰਿਕਪੁਰ ਰੋਡ ’ਤੇ ਸਥਿਤ ਪੰਜਾਬ ਕੈਮੀਕਲਜ਼ ਐਂਡ ਕਰੋਪ ਪ੍ਰੋਟੈਕਸ਼ਨ ਲਿਮਟਿਡ (ਪੀਸੀਸੀਪੀਐਲ) ਨਾਂ ਦੀ ਰਸਾਇਣ ਕੰਪਨੀ ਦੇ ਪਲਾਂਟ ਵਿੱਚ ਬੀਤੇ ਦਿਨ ਅੱਗ ਲੱਗ ਗਈ ਸੀ। ਪੁਲੀਸ ਨੂੰ ਫੈਕਟਰੀ ਦੇ ਮਲਬੇ ਵਿੱਚੋਂ ਇਕ ਹੋਰ ਵਿਅਕਤੀ ਦਾ ਪਿੰਜਰ ਮਿਲਿਆ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਤਿੰਨ ਹੋ ਗਈ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਨ ਲਈ ਡੀਐਨਏ ਟੈਸਟ ਕਰਵਾਇਆ ਜਾਏਗਾ। ਦੂਜੇ ਪਾਸੇ ਲਾਪਤਾ ਰਿੱਕੀ ਦੇ ਪਰਿਵਾਰਕ ਮੈਂਬਰ ਉਸ ਦੀ ਲਾਸ਼ ਲੈਣ ਲਈ ਫੈਕਟਰੀ ਦੇ ਬਾਹਰ ਪਹੁੰਚ ਜਾਂਦੇ ਹਨ ਪਰ ਉਹ ਰੋਜ਼ਾਨਾ ਨਿਰਾਸ਼ ਹੋ ਕੇ ਘਰ ਪਰਤਦੇ ਹਨ। ਅੱਜ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਲਾਸ਼ ਰਿੱਕੀ ਦੀ ਹੋ ਸਕਦੀ ਹੈ। ਪੁਲੀਸ ਨੇ ਲਾਸ਼ ਨੂੰ ਬਿਨਾਂ ਡੀਐਨਏ ਟੈਸਟ ਤੋਂ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਰਿੱਕੀ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੇ ਤਿੰਨ ਬੱਚੇ ਹਨ। ਥਾਣਾ ਮੁਖੀ ਸਹਾਇਕ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਰਿਕਾਰਡ ਮੁਤਾਬਕ ਏਸੀਐਫ ਪਲਾਂਟ ਵਿੱਚ ਅੱਗ ਲੱਗਣ ਵੇਲੇ 40 ਦੇ ਕਰੀਬ ਵਰਕਰ ਮੌਜੂਦ ਸਨ। ਕੰਪਨੀ ਦੇ ਪ੍ਰਬੰਧਕਾਂ ਮੁਤਾਬਕ ਵਰਕਰ ਰਿੱਕੀ ਵਾਸੀ ਪਿੰਡ ਬਤੌੜ (ਬਰਵਾਲਾ) ਲਾਪਤਾ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਪ੍ਰਬੰਧਕ ਦਾਅਵਾ ਕਰ ਰਹੇ ਹਨ ਕਿ ਇਹ ਲਾਸ਼ ਰਿੱਕੀ ਦੀ ਹੈ ਪਰ ਤਸੱਲੀ ਕਰਨ ਲਈ ਲਾਸ਼ ਦਾ ਡੀਐਨਏ ਟੈਸਟ ਕਰਵਾਇਆ ਜਾਏਗਾ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਡੀਐੱਨਏ ਟੈੱਸਟ ਲਈ ਛੇਤੀ ਹੀ ਲੈਬ ਵਿਚ ਭੇਜ ਦਿੱਤਾ ਜਾਵੇਗਾ। ਡੀਐਨਏ ਰਿਪੋਰਟ ਮਗਰੋਂ ਜੇ ਲਾਸ਼ ਰਿੱਕੀ ਦੀ ਹੋਈ ਤਾਂ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਏਗੀ। ਪੈਰ ਫਸਣ ਕਾਰਨ ਹੋਈ ਸੀ ਰਵੀ ਦੀ ਮੌਤ ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਹਾਦਸੇ ਵੇਲੇ ਤੀਜੀ ਮੰਜ਼ਿਲ ’ਤੇ 10 ਦੇ ਕਰੀਬ ਵਰਕਰ ਮੌਜੂਦ ਸਨ। ਇਨ੍ਹਾਂ ਵਿੱਚੋਂ ਸੁਖਵਿੰਦਰ ਸਿੰਘ ਉਰਫ਼ ਬੰਟੀ, ਰਵੀ ਕੁਮਾਰ ਅਤੇ ਲਾਪਤਾ ਰਿੱਕੀ ਰੈਕਟਰ ਕੋਲ ਕੰਮ ਕਰ ਰਹੇ ਸਨ ਤੇ ਰੈਕਟਰ ਫੱਟ ਗਿਆ ਸੀ। ਇਸ ਕਾਰਨ ਉਹ ਸਭ ਤੋਂ ਪਹਿਲਾਂ ਲਪੇਟ ਵਿੱਚ ਆ ਗਏ ਸਨ। ਹਾਦਸੇ ਵੇਲੇ ਸੁਖਵਿੰਦਰ ਸਿੰਘ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਇਸੇ ਦੌਰਾਨ ਬਾਕੀ ਵਰਕਰਾਂ ਵੱਲੋਂ ਰਵੀ ਨੂੰ ਬਚਾਉਣ ਲਈ ਕਾਫੀ ਯਤਨ ਕੀਤਾ ਗਿਆ ਪਰ ਮੌਕੇ ’ਤੇ ਉਸ ਦਾ ਪੈਰ ਰੈਕਟਰ ਦੇ ਪੱਟੇ ਵਿੱਚ ਫੱਸ ਗਿਆ ਤੇ ਉਹ ਹੇਠਾਂ ਡਿੱਗਣ ਕਾਰਨ ਕੈਮੀਕਲ ਅਤੇ ਅੱਗ ਦੀ ਲਪੇਟ ਵਿੱਚ ਆ ਗਿਆ ਤੇ ਜਿਉਂਦਾ ਹੀ ਸੜ ਗਿਆ।