Arash Info Corporation

ਕੂੜਾ ਪ੍ਰਬੰਧਨ ਦੀ ਸਮੱਸਿਆ ਹੱਲ ਕਰਨ ਦੇ ਆਦੇਸ਼

13

July

2019

ਚੰਡੀਗੜ੍ਹ, ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਡੱਡੂਮਾਜਰਾ ਦੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੇ ਮੁੱਦੇ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਅੱਜ ਇਥੇ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਕਾਨੂੰਨੀ ਰਾਏ ਵੀ ਲਈ ਜਾ ਸਕਦੀ ਹੈ। ਦੂਜੇ ਪਾਸੇ ਨਗਰ ਨਿਗਮ ਨੇ ਗਾਰਬੇਜ ਪਲਾਂਟ ਦੀ ਸੰਚਾਲਕ ਕੰਪਨੀ ਨੂੰ ਕੂੜਾ ਪ੍ਰਬੰਧਨ ਮਾਮਲੇ ’ਚ ਢਿੱਲਮੱਠ ਦੇ ਦੋਸ਼ ਤਹਿਤ ਸਵਾ ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦਾ ਨੋਟਿਸ ਦਿੱਤਾ ਸੀ ਤੇ ਸ਼ਹਿਰ ਦਾ ਪੂਰਾ ਕੂੜਾ ਪਲਾਂਟ ਵਿੱਚ ਹੀ ਪ੍ਰਾਸੈਸ ਕਰਨ ਲਈ ਕਿਹਾ ਸੀ। ਪਲਾਂਟ ਵਿੱਚ ਦਸ ਹਜ਼ਾਰ ਟਨ ਤੋਂ ਵੱਧ ਕੂੜਾ ਪਹਿਲਾਂ ਹੀ ਪਿਆ ਹੋਇਆ ਹੈ। ਪਲਾਂਟ ਵਿੱਚ ਹੋਰ ਕੂੜਾ ਭੰਡਾਰ ਕਰਨ ਦੀ ਸਮੱਰਥਾ ਨਹੀਂ ਹੈ। ਜੇਪੀ ਗਰੁੱਪ ਦੇ ਇਸ ਗਰੀਨਟੈੱਕ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਦੇ ਅੰਦਰ ਕੂੜੇ ਦੀ ਪ੍ਰੋਸੈਸਿੰਗ ਤੋਂ ਬਾਅਦ ਨਿਕਲਣ ਵਾਲਾ ਆਰਡੀਐਫ ਵੀ ਭਾਰੀ ਮਾਤਰਾ ਵਿੱਚ ਜਮ੍ਹਾਂ ਹੈ। ਪਲਾਂਟ ਪ੍ਰਬੰਧਕਾਂ ਨੂੰ ਆਰਡੀਐਫ ਲਈ ਖਰੀਦਦਾਰ ਨਹੀਂ ਮਿਲ ਰਹੇ। ਸੂਤਰਾਂ ਅਨੁਸਾਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਆਰਡੀਐਫ ਨੂੰ ਪਲਾਂਟ ਤੋਂ ਲਿਜਾਣ ਲਈ ਕੁੱਝ ਕੰਪਨੀਆਂ ਨਾਲ ਗੱਲ ਵੀ ਕੀਤੀ ਹੈ ਪਰ ਹੁਣ ਤੱਕ ਕਿਸੇ ਕੰਪਨੀ ਨੇ ਕੋਈ ਰੁਚੀ ਨਹੀਂ ਦਿਖਾਈ। ਬਰਸਾਤੀ ਮੌਸਮ ਨੂੰ ਲੈਕੇ ਪਲਾਂਟ ਦੇ ਅੰਦਰ ਦੀ ਹਾਲਤ ਬਹੁਤ ਮਾੜੀ ਹੈ। ਸੂਤਰਾਂ ਅਨੁਸਾਰ ਪਲਾਂਟ ਅੰਦਰ ਕੂੜੇ ਦੀ ਪ੍ਰੋਸੈਸਿੰਗ ਨਾ ਮਾਤਰ ਹੀ ਹੋ ਰਹੀ ਹੈ। ਬਰਸਾਤੀ ਮੌਸਮ ਕਾਰਨ ਬਦਬੂ ਨਾਲ ਪਲਾਂਟ ਵਿੱਚ ਖੜ੍ਹੇ ਹੋਣਾ ਵੀ ਮੁਸ਼ਕਲ ਹੈ। ਇਸੇ ਦੌਰਾਨ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਲਾਵਾਰਿਸ ਕੁੱਤਿਆਂ ਦੇ ਸਮੱਸਿਆ ਨਾਲ ਨਜਿੱਠਣ ਲਈ ‘ਡੌਗ ਮੈਨੇਜਮੇਟ ਸਿਸਟਮ’ ਵਿਸ਼ੇ ’ਤੇ ਕੌਮੀ ਪੱਧਰ ਦਾ ਸੰਮੇਲਨ ਕਰਵਾਉਣ ਲਈ ਕਿਹਾ ਹੈ। ਮੀਟਿੰਗ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ, ਗ੍ਰਹਿ ਸਕੱਤਰ ਅਰੁਣ ਕੁਮਾਰ ਗੁਪਤਾ, ਵਿੱਤ ਸਕੱਤਰ ਅਜੋਏ ਕੁਮਾਰ ਸਿਨਹਾ, ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਤੇ ਡਿਪਟੀ ਕਮਿਸ਼ਰਨ ਮਨਜੀਤ ਸਿੰਘ ਬਰਾੜ ਸ਼ਾਮਲ ਸਨ। ਨਗਰ ਨਿਗਮ ਡੱਡੂਮਾਜਰਾ ਪਲਾਂਟ ਨੂੰ ਆਪਣੇ ਅਧੀਨ ਲੈਣ ਦੇ ਰੌਂਅ ’ਚ ਨਿਗਮ ਸੂਤਰਾਂ ਅਨੁਸਾਰ ਜੇਪੀਐਸੋਸੀਏਟਸ ਵਲੋਂ ਸੰਚਾਲਿਤ ਇਸ ਪਲਾਂਟ ਨੂੰ ਨਿਗਮ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈਣ ਦੀ ਅੰਦਰਖਾਤੇ ਤਿਆਰੀ ਵੀ ਕਰ ਲਈ ਹੈ। ਨਿਗਮ ਨੇ ਮੁੰਬਈ ਦੀ ਇੱਕ ਕੰਪਨੀ ਨਾਲ ਗੱਲਬਾਤ ਵੀ ਕੀਤੀ ਹੈ। ਸੂਤਰਾਂ ਅਨੁਸਾਰ ਮੁੰਬਈ ਦੀ ਕੰਪਨੀ ਜੇਪੀ ਐਸੋਸੀਏਟਸ ਨਾਲ ਮਿਲ ਕੇ ਇਸ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗੀ। ਦੋਵੇ ਕੰਪਨੀਆਂ ਦੇ ਨੁਮਾਇੰਦੇ ਸ਼ਹਿਰ ਵਿੱਚ ਹੀ ਹਨ।