ਨਿਗਮ ਮੁਲਾਜ਼ਮਾਂ ਨੇ ਧਰਨਾ ਲਾ ਕੇ ਤਨਖ਼ਾਹ ਮੰਗੀ

03

July

2019

ਲੁਧਿਆਣਾ, ਪਿਛਲੇ ਦੋ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਾਰਨ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਅੱਜ ਸਰਾਭਾ ਨਗਰ ਸਥਿਤ ਡੀ ਜ਼ੋਨ ਦਫ਼ਤਰ ਘੇਰ ਕੇ ਧਰਨਾ ਲਾਇਆ ਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਵਾਲਮੀਕਿ ਧਰਮ ਸਮਾਜ ਤੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨੇ ਪ੍ਰਧਾਨ ਜੋਨੀ ਡੂਮਰਾ ਦੀ ਅਗਵਾਈ ਹੇਠ ਰੈਲੀ ਕੱਢੀ। ਧਰਨੇ ਦੌਰਾਨ ਜੋਨੀ ਡੂਮਰਾ ਨੇ ਕਿਹਾ ਕਿ ਜਿਹੜੀ ਨਗਰ ਨਿਗਮ ਆਪਣੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਦੇ ਸਕਦੀ, ਉਹ ਸ਼ਹਿਰ ’ਚ ਵਿਕਾਸ ਕਿਵੇਂ ਕਰੇਗੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੈਪਟਨ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਨਗਰ ਨਿਗਮ ਮੁਲਾਜ਼ਮਾਂ ਦਾ ਬੁਰਾ ਹਾਲ ਹੋ ਗਿਆ ਹੈ। ਚੋਣਾਂ ਸਮੇਂ ਤਾਂ ਤਨਖ਼ਾਹ ਸਮੇਂ ਸਿਰ ਆਉਂਦੀ ਰਹੀ ਪਰ ਹੁਣ ਮਈ ਤੇ ਜੂਨ ਦੋ ਮਹੀਨੇ ਦੀ ਤਨਖ਼ਾਹ ਪੈਂਡਿੰਗ ਪਈ ਹੈ। ਮੁਲਾਜ਼ਮ ਰੋਟੀ ਤੋਂ ਔਖੇ ਹੋਏ ਪਏ ਹਨ। ਆਗੂਆਂ ਨੇ ਕੰਵਨਪ੍ਰੀਤ ਕੌਰ ਬਰਾੜ ਨੂੰ ਮੰਗ ਪੱਤਰ ਦਿੱਤਾ। ਨਿਗਮ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਮੁਲਾਜ਼ਮਾਂ ਨੂੰ ਤਨਖ਼ਾਹ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਕੁੱਟਮਾਰ ਮਾਮਲੇ ਵਿਚ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਮਿਉਂਸਿਪਲ ਐਂਪਲਾਈਜ਼ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਅੱਜ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਦਿੱਤਾ। ਕਮੇਟੀ ਮੈਂਬਰਾਂ ਨੇ ਪਿਛਲੇ ਸਮੇਂ ਦੌਰਾਨ ਨਗਰ ਨਿਗਮ ਮੁਲਾਜ਼ਮਾਂ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਜਲਦ ਕੇਸ ਦਰਜ ਕਰਨ ਦੀ ਮੰਗ ਕੀਤੀ। ਕਮੇਟੀ ਚੇਅਰਮੈਨ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਕਮੇਟੀ ਦੇ 7 ਮੈਂਬਰ ਪੁਲੀਸ ਕਮਿਸ਼ਨਰ ਦੇ ਦਫ਼ਤਰ ਪੁੱਜੇ। ਉਨ੍ਹਾਂ ਨੇ ਕੁੱਟਮਾਰ ਦੇ ਮਾਮਲਿਆਂ ਨਾਲ ਸਬੰਧਤ ਸਬੂਤ ਵੀ ਕਮਿਸ਼ਨਰ ਨੂੰ ਦਿੱਤੇ।