ਘਰ ਵਿਚੋਂ ਖੂਨ ਨਾਲ ਲਥਪਥ ਲਾਸ਼ ਮਿਲੀ

03

July

2019

ਗੁਰੂਸਰ ਸੁਧਾਰ, ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਰਾਜੋਆਣਾ ਕਲਾਂ ਵਿਚ ਇਕ ਅਧਖੜ ਉਮਰ ਦੇ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਉਸ ਦੇ ਘਰ ਵਿਚੋਂ ਹੀ ਮਿਲੀ ਹੈ। ਮ੍ਰਿਤਕ ਬਲਤੇਜ ਸਿੰਘ (53) ਦਾ ਵਿਆਹ ਨਹੀਂ ਸੀ ਹੋਇਆ ਤੇ ਉਹ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਥਾਣਾ ਸੁਧਾਰ ਦੇ ਐੱਸਐੱਚਓ ਇੰਸਪੈਕਟਰ ਅਜੈਬ ਸਿੰਘ ਅਤੇ ਫੋਰੈਂਸਿਕ ਟੀਮ ਦੇ ਇੰਚਾਰਜ ਸਹਾਇਕ ਥਾਣੇਦਾਰ ਜਗਦੀਸ਼ ਸਿੰਘ ਅਮਲੇ ਸਮੇਤ ਘਟਨਾ ਸਥਾਨ ’ਤੇ ਪੁੱਜੇ। ਥਾਣਾ ਦਾਖਾ ਦੇ ਮੁੱਖ ਅਫ਼ਸਰ ਜਗਦੀਸ਼ ਕੁਮਾਰ ਵੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਦੀ ਹਦਾਇਤ ‘ਤੇ ਲਾਸ਼ ਦੇ ਜ਼ਖ਼ਮ ਧੋ ਕੇ ਸਾਫ਼ ਕੀਤੇ ਗਏ। ਬਾਅਦ ਦੁਪਹਿਰ ਬਲਤੇਜ ਸਿੰਘ ਦਾ ਛੋਟਾ ਭਰਾ ਗੁਰਚਰਨ ਸਿੰਘ, ਜੋ ਸ਼ਿਮਲਾ ਰਹਿੰਦਾ ਹੈ ਆਪਣੀ ਪਤਨੀ ਪ੍ਰੀਤੀ ਕੌਰ ਸਮੇਤ ਪੁੱਜਿਆ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰੁਪਿੰਦਰ ਸਿੰਘ ਨੇ ਮ੍ਰਿਤਕ ਦੇ ਭਰਾ ਗੁਰਚਰਨ ਸਿੰਘ ਦੇ ਬਿਆਨਾਂ ‘ਤੇ ਲਾਸ਼ ਨੂੰ ਸੁਧਾਰ ਦੇ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਭਰਜਾਈ ਪ੍ਰੀਤੀ ਕੌਰ ਨੇ ਪੁਲੀਸ ਵੱਲੋਂ ਲਾਸ਼ ਨਾਲ ਛੇੜਛਾੜ ’ਤੇ ਉਜ਼ਰ ਕੀਤਾ। ਸੁਧਾਰ ਦੇ ਸਰਕਾਰੀ ਹਸਪਤਾਲ ਦੇ ਤਿੰਨ ਡਾਕਟਰਾਂ ਦਾ ਬੋਰਡ ਪੋਸਟਮਾਰਟਮ ਲਈ ਗਠਿਤ ਕਰ ਦਿੱਤਾ ਗਿਆ, ਜਿਸ ਵਿਚ ਮੈਡੀਕਲ ਅਫ਼ਸਰ ਡਾਕਟਰ ਗੁਰਸਿਮਰਨ ਸਿੰਘ, ਡਾਕਟਰ ਹਰਪ੍ਰੀਤ ਸਿੰਘ ਅਤੇ ਵਰਿੰਦਰ ਜੋਸ਼ੀ ਸ਼ਾਮਲ ਸਨ ਪਰ ਸਮੇਂ ਸਿਰ ਪੁਲੀਸ ਕਾਰਵਾਈ ਪੂਰੀ ਨਾ ਹੋਣ ਕਾਰਨ ਪੋਸਟਮਾਰਟਮ ਨਹੀਂ ਹੋ ਸਕਿਆ। ਡਾਕਟਰ ਗੁਰਸਿਮਰਨ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਤੇਜ ਸਿੰਘ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਲੱਗੇਗਾ ਪਰ ਪੁਲੀਸ ਵੱਲੋਂ ਲਾਸ਼ ਨੂੰ ਸਾਫ਼ ਕਰਨਾ ਉਚਿਤ ਨਹੀਂ ਹੈ। ਇਸ ਸਬੰਧੀ ਪੁਲੀਸ ਕਪਤਾਨ ਜਾਂਚ ਰੁਪਿੰਦਰ ਭਾਰਦਵਾਜ ਨੇ ਕਿਹਾ ਕਿ ਪੁਲੀਸ ਵੱਲੋਂ ਲਾਸ਼ ਨਾਲ ਕਿਸੇ ਕਿਸਮ ਦੀ ਛੇੜਛਾੜ ਕਾਨੂੰਨ ਦੀ ਨਜ਼ਰ ‘ਚ ਗ਼ਲਤ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲਾ ਜ਼ਿਲ੍ਹਾ ਪੁਲੀਸ ਮੁਖੀ ਵਰਿੰਦਰ ਸਿੰਘ ਬਰਾੜ ਦੇ ਧਿਆਨ ਵਿਚ ਲਿਆਉਣਗੇ ਅਤੇ ਕਾਰਵਾਈ ਬਾਰੇ ਉਹ ਹੀ ਫ਼ੈਸਲਾ ਕਰਨਗੇ। ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਉਹ ਸਾਰੇ ਤੱਥਾਂ ਦੀ ਜਾਂਚ ਕਰਨਗੇ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।