Arash Info Corporation

ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਵਿਚੋਂ 42 ਨੌਜਵਾਨ ਛੁਡਾਏ

03

July

2019

ਸਮਰਾਲਾ, ਸਮਰਾਲਾ ਪੁਲੀਸ ਨੇ ਪਿੰਡ ਰੁਪਾਲੋਂ ਵਿਚ ਚੱਲਦੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਦਾ ਪਰਦਾਫ਼ਾਸ਼ ਕਰਦਿਆਂ ਉੱਥੇ ਇਲਾਜ ਅਧੀਨ ਨਸ਼ਾ ਕਰਨ ਵਾਲੇ 42 ਵਿਅਕਤੀਆਂ ਨੂੰ ਮੁਕਤ ਕਰਵਾਇਆ ਹੈ। ਥਾਣਾ ਸਮਰਾਲਾ ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੁਲੀਸ ਕਪਤਾਨ ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਨਸ਼ਾ ਤਸਕਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਜਸਵੀਰ ਸਿੰਘ ਪੁਲੀਸ ਕਪਤਾਨ (ਆਈ), ਖੰਨਾ, ਦਵਿੰਦਰ ਸਿੰਘ ਡੀਐੱਸਪੀ ਸਮਰਾਲਾ, ਥਾਣਾ ਮੁਖੀ ਸੁਖਵੀਰ ਸਿੰਘ ਸਮੇਤ ਪੁਲੀਸ ਪਾਰਟੀ ਨੇ ਪਿੰਡ ਰੁਪਾਲੋਂ ਵਿਚ ਗ਼ੈਰਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਭਾਈ ਦਯਾ ਸਿੰਘ ਗੁਰਮਤਿ ਵਿਦਿਆਲਿਆ ਅਤੇ ਸਿਮਰਨ ਅਭਿਆਸ ਕੇਂਦਰ ’ਤੇ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਨੇ ਉੱਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ 42 ਨਸ਼ੇੜੀਆਂ ਨੂੰ ਬਰਾਮਦ ਕੀਤਾ, ਜਿਨ੍ਹਾਂ ਦਾ ਉੱਥੇ ਇਲਾਜ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਨਸ਼ਾ ਛੁਡਾਊ ਕੇਂਦਰ ਪਹਿਲਾਂ ਪਿੰਡ ਲੋਪੋਂ ਵਿਚ ਕਿਰਾਏ ਦੇ ਮਕਾਨ ਵਿਚ ਚੱਲ ਰਿਹਾ ਸੀ। 20 ਦਿਨ ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਪਿੰਡ ਰੁਪਾਲੋਂ ਵਿਚ ਜਗ੍ਹਾ ਲੈ ਕੇ ਇਮਾਰਤ ਬਣਾ ਕੇ ਉਸ ਵਿਚ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਖੋਲ੍ਹ ਲਿਆ ਸੀ। ਇਸ ਨਸ਼ਾ ਛੁਡਾਊ ਕੇਂਦਰ ਨੂੰ ਪ੍ਰਿਤਪਾਲ ਸਿੰਘ ਵਾਸੀ ਸਮਰਾਲਾ ਅਤੇ ਭਾਗ ਸਿੰਘ ਵਾਸੀ ਗੋਬਿੰਦਗੜ੍ਹ ਹੋਰ ਵਿਅਕਤੀਆਂ ਨਾਲ ਮਿਲ ਕੇ ਚਲਾ ਰਹੇ ਸਨ। ਉਹ ਇਸ ਦੀ ਆੜ ਹੇਠ ਮੋਟੀ ਰਕਮ ਵਸੂਲ ਕੇ ਆਪਣੇ-ਆਪ ਨੂੰ ਨਸ਼ਾ ਛੁਡਾਉਣ ਦਾ ਮਾਹਿਰ ਦੱਸ ਕੇ ਪੀੜਤਾਂ ਨੂੰ ਇੱਥੇ ਲਿਆ ਕੇ ਕੁੱਟਮਾਰ ਕਰ ਕੇ ਬੰਦੀ ਬਣਾ ਕੇ ਨਸ਼ਾ ਛੁਡਾਉਂਦੇ ਸਨ। ਪੁਲੀਸ ਨੂੰ ਉਨ੍ਹਾਂ ਕੋਲੋਂ ਪੰਜਾਬ ਸਰਕਾਰ ਦਾ ਕੋਈ ਲਾਇਸੈਂਸ/ਪਰਮਿਟ ਜਾਂ ਸਰਟੀਫਿਕੇਟ ਨਹੀਂ ਮਿਲਿਆ, ਜਿਸ ਕਰਕੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਮਰਾਲਾ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਵਿਚੋਂ ਛੁਡਵਾਏ 42 ਵਿਅਕਤੀਆਂ ਨੂੰ ਰਣਜੀਤ ਸਿੰਘ ਕਾਰਜਕਾਰੀ ਮੈਜਿਸਟ੍ਰੇਟ ਸਮਰਾਲਾ ਅਤੇ ਡਾਕਟਰ ਅਜੀਤ ਸਿੰਘ ਐੱਸਐੱਮਓ, ਸੀਐੱਚਸੀ ਮਾਨੂੰਪੁਰ ਦੀ ਹਾਜ਼ਰੀ ਵਿਚ ਰਿਹਾਅ ਕਰਵਾ ਕੇ ਉਨ੍ਹਾਂ ਦਾ ਮੈਡੀਕਲ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਇਸ ਕੇਂਦਰ ਵਿਚੋਂ ਬੀਡੀਐੱਸ ਡਾਕਟਰ, ਸੇਵਾ ਮੁਕਤ ਕਾਰਪੋਰੇਸ਼ਨ ਅਧਿਕਾਰੀ ਅਤੇ ਇਕ ਮੌਜੂਦਾ ਜੇ.ਈ. (ਬਿਜਲੀ ਬੋਰਡ) ਨੂੰ ਰਿਹਾਅ ਕਰਵਾਇਆ ਗਿਆ।