ਹੈਰੋਇਨ ਤਸਕਰੀ ਮਾਮਲਾ: ਦੁਵੱਲਾ ਕਾਰੋਬਾਰ ਕਰਨ ਵਾਲਾ ਵਪਾਰੀ ਵਰਗ ਫ਼ਿਕਰਮੰਦ

02

July

2019

ਅੰਮ੍ਰਿਤਸਰ, ਪਾਕਿਸਤਾਨੀ ਲੂਣ ਵਿਚ ਲੁਕਾ ਕੇ ਭੇਜੀ ਗਈ 532 ਕਿਲੋ ਹੈਰੋਇਨ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਦੁਵੱਲਾ ਵਪਾਰ ਕਰ ਰਿਹਾ ਸਮੁੱਚਾ ਵਪਾਰੀ ਵਰਗ ਫ਼ਿਕਰ ਵਿਚ ਹੈ। ਵਪਾਰੀਆਂ ਨੇ ਅਟਾਰੀ ਸਥਿਤ ਆਈਸੀਪੀ ’ਤੇ ਤੁਰੰਤ ਫੁੱਲ ਬਾਡੀ ਟਰੱਕ ਸਕੈਨਰ ਸਥਾਪਤ ਕਰਨ ਦੀ ਮੰਗ ਕੀਤੀ ਹੈ। ਇੰਨੀ ਵੱਡੀ ਮਾਤਰਾ ਵਿਚ ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿਚ ਕਸਟਮ ਵਿਭਾਗ ਨੇ ਸ਼ੱਕ ਦੇ ਆਧਾਰ ‘ਤੇ ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ’ਚੋਂ ਇੱਕ ਅੰਮ੍ਰਿਤਸਰ ਤੋਂ ਵਪਾਰੀ ਗੁਰਪਿੰਦਰ ਸਿੰਘ ਹੈ, ਜਿਸ ਨੇ ਮੈਸਰਜ਼ ਕਨਿਸ਼ਕ ਐਂਟਰਪਰਾਈਜਿਜ਼ ਦੇ ਨਾਂ ਹੇਠ ਪਾਕਿਸਤਾਨ ਤੋਂ ਇਹ ਲੂਣ ਮੰਗਵਾਇਆ ਸੀ। ਦੂਜਾ ਜੰਮੂ ਕਸ਼ਮੀਰ ਦੇ ਹੰਦਵਾੜਾ ਜ਼ਿਲ੍ਹੇ ਦਾ ਵਿਅਕਤੀ ਤਾਰਿਕ ਅਹਿਮਦ ਲੋਨ ਹੈ। ਉਸ ਨੂੰ ਕਸਟਮ ਵਿਭਾਗ ਨੇ ਜੰਮੂ ਕਸ਼ਮੀਰ ਪੁਲੀਸ ਰਾਹੀਂ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਕ ਇਹ ਪਾਕਿਸਤਾਨੀ ਲੂਣ ਜੰਮੂ ਕਸ਼ਮੀਰ ਦੇ ਇਸ ਵਪਾਰੀ ਵੱਲੋਂ ਹੀ ਅੰਮ੍ਰਿਤਸਰ ਦੀ ਇਸ ਕੰਪਨੀ ਰਾਹੀਂ ਮੰਗਵਾਇਆ ਗਿਆ ਸੀ। ਪੁਲੀਸ ਵੱਲੋਂ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਪਾਰ ਰਾਹੀਂ ਤਸਕਰੀ ਦੇ ਇਸ ਮਾਮਲੇ ਦੇ ਜ਼ਾਹਿਰ ਹੋਣ ਤੋਂ ਬਾਅਦ ਸਮੁੱਚਾ ਵਪਾਰੀ ਵਰਗ ਚਿੰਤਾ ਵਿਚ ਹੈ। ਆਲ ਇੰਡੀਆ ਡਰਾਈ ਡੇਟਸ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਆਖਿਆ ਕਿ ਨਸ਼ੀਲੇ ਪਦਾਰਥ ਦੀ ਤਸਕਰੀ ਕਾਰਨ ਸਮੁੱਚਾ ਵਪਾਰੀ ਵਰਗ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ। ਉਨ੍ਹਾਂ ਆਖਿਆ ਕਿ ਆਈਸੀਪੀ ਅਟਾਰੀ ਨੂੰ ਸਥਾਪਤ ਅਤੇ ਚਾਲੂ ਹੋਇਆਂ ਸੱਤ ਵਰ੍ਹੇ ਹੋ ਗਏ ਹਨ। ਵਪਾਰੀ ਵਰਗ ਪਿਛਲੇ ਸੱਤ ਵਰ੍ਹਿਆਂ ਤੋਂ ਨਿਰੰਤਰ ਇੱਥੇ ਆਈਸੀਪੀ ਵਿਚ ਬਾਰੀਕੀ ਨਾਲ ਜਾਂਚ ਲਈ ਫੁੱਲ ਬਾਡੀ ਟਰੱਕ ਸਕੈਨਰ ਸਥਾਪਤ ਕਰਨ ਦੀ ਮੰਗ ਕਰ ਰਿਹਾ ਹੈ। ਪਰ ਹੁਣ ਤਕ ਟਰੱਕ ਸਕੈਨਰ ਸਥਾਪਤ ਨਹੀਂ ਹੋਇਆ ਹੈ। ਸਕੈਨਰ ਦੀ ਅਣਹੋਂਦ ਕਾਰਨ ਪਾਕਿਸਤਾਨੀ ਤਸਕਰ ਵਪਾਰ ਦੀ ਓਟ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨੀ ਲੂਣ ਵਾਹਗਾ ਸਰਹੱਦ ’ਤੇ ਜਾਂਚ ਹੋਣ ਮਗਰੋਂ ਹੀ ਭੇਜਿਆ ਗਿਆ ਹੈ। ਵਾਹਗਾ ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸੇ ਟਰੱਕ ਸਕੈਨਰ ਲੱਗਿਆ ਹੋਇਆ ਹੈ, ਜਿਸ ਵਿਚੋਂ ਨਸ਼ੀਲੇ ਪਦਾਰਥ ਮਿਲੀਭੁਗਤ ਤੋਂ ਬਿਨਾਂ ਨਹੀਂ ਲੰਘ ਸਕਦੇ। ਉਨ੍ਹਾਂ ਆਖਿਆ ਕਿ ਅਜਿਹੀ ਤਣਾਅ ਵਾਲੀ ਸਥਿਤੀ ਦੌਰਾਨ ਵਪਾਰ ਕਰਨਾ ਮੁਸ਼ਕਲ ਹੈ। ਵਪਾਰੀਆਂ ਦੀ ਜਥੇਬੰਦੀ ਕਨਫੈੱਡਰੇਸ਼ਨ ਆਫ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਅਤੇ ਇੰਡਸਟਰੀ ਦੇ ਡਾਇਰੈਕਟਰ ਅਸ਼ੋਕ ਸੇਠੀ ਨੇ ਇਸ ਸਾਜਿਸ਼ ਦੀ ਨਿਖੇਧੀ ਕਰਦਿਆਂ ਇਸ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਤੁਰੰਤ ਆਈਸੀਪੀ ’ਤੇ ਟਰੱਕ ਸਕੈਨਰ ਸਥਾਪਤ ਕਰਨਾ ਚਾਹੀਦਾ ਹੈ। ਵਪਾਰੀ ਰਾਜਦੀਪ ਉੱਪਲ ਨੇ ਆਖਿਆ ਇਸ ਸਾਜ਼ਿਸ਼ ਦੀ ਜਾਂਚ ਹੋਣੀ ਚਾਹੀਦੀ ਹੈ। ਕਸਟਮ ਵਿਭਾਗ ਨੇ ਜਾਂਚ ਦੇ ਕੁਝ ਵੇਰਵੇ ਪੰਜਾਬ ਪੁਲੀਸ ਨਾਲ ਸਾਂਝੇ ਕੀਤੇ ਹਨ। ਇਸ ਵਿਚ ਗੁਰਪਿੰਦਰ ਸਿੰਘ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਉਸ ਨੇ ਕਿਹਾ ਕਿ ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਲੂਣ ਦੇ ਨਾਲ ਇਹ ਨਸ਼ੀਲਾ ਪਦਾਰਥ ਵੀ ਭੇਜਿਆ ਗਿਆ ਹੈ। ਇਸ ਸਬੰਧੀ ਕਸਟਮ ਵਿਭਾਗ ਦੇ ਕਿਸੇ ਵੀ ਅਧਿਕਾਰੀ ਕੋਲੋਂ ਕੋਈ ਪੁਸ਼ਟੀ ਨਹੀਂ ਹੋਈ। ਅਦਾਲਤ ਨੇ ਦੋਵੇਂ ਵਪਾਰੀ ਜੇਲ੍ਹ ਭੇਜੇ ਕਸਟਮ ਵਿਭਾਗ ਵੱਲੋਂ ਪੁੱਛਗਿੱਛ ਲਈ ਹਿਰਾਸਤ ਵਿਚ ਲਏ ਦੋਵੇਂ ਵਪਾਰੀ ਗੁਰਪਿੰਦਰ ਸਿੰਘ ਉਰਫ਼ ਮਿੰਕਲ ਵਾਸੀ ਅੰਮ੍ਰਿਤਸਰ ਤੇ ਤਾਰਿਕ ਅਹਿਮਦ ਲੋਨ ਵਾਸੀ ਹੰਦਵਾੜਾ ਜੰਮੂ ਕਸ਼ਮੀਰ ਨੂੰ ਅੱਜ ਸ਼ਾਮ ਅਦਾਲਤ ਨੇ 14 ਦਿਨਾਂ ਲਈ ਜੁਡੀਸ਼ਲ ਰਿਮਾਂਡ ਤਹਿਤ ਜੇਲ੍ਹ ਭੇਜ ਦਿੱਤਾ ਹੈ। ਕਸਟਮ ਵਿਭਾਗ ਨੇ ਅੱਜ ਸ਼ਾਮ ਦੋਵਾਂ ਜਣਿਆਂ ਨੂੰ ਡਿਊਟੀ ਮੈਜਿਸਟ੍ਰੇਟ ਗੁਰਸ਼ੇਰ ਸਿੰਘ ਕੋਲ ਪੇਸ਼ ਕੀਤਾ ਸੀ। ਇਸ ਸਬੰਧੀ ਕਿਸੇ ਵੀ ਕਸਟਮ ਵਿਭਾਗ ਦੇ ਅਧਿਕਾਰੀ ਨੇ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਆਈਸੀਪੀ ਅਟਾਰੀ ’ਤੇ ਸਖ਼ਤੀ ਅੱਜ ਆਈਸੀਪੀ ਅਟਾਰੀ ’ਤੇ ਅਫ਼ਗ਼ਾਨਿਸਤਾਨ ਤੋਂ ਅੱਠ ਟਰੱਕ ਮਾਲ ਆਇਆ ਹੈ। ਆਈਸੀਪੀ ਪ੍ਰਬੰਧਕਾਂ ਨੇ ਅੱਜ ਟਰੱਕਾਂ ਨੂੰ ਵਾਪਸ ਨਹੀਂ ਭੇਜਿਆ ਹੈ ਜਦੋਂਕਿ ਇਸ ਤੋਂ ਪਹਿਲਾਂ ਮਾਲ ਲਾਹ ਕੇ ਟਰੱਕ ਵਾਪਸ ਭੇਜ ਦਿੱਤੇ ਜਾਂਦੇ ਸਨ। ਲਾਹੌਰ ਦੀ ਗਲੋਬਲ ਵਿਜ਼ਨ ਇੰਪੈਕਟ ਨਾਂ ਦੀ ਕੰਪਨੀ ਜਿਸ ਵਲੋਂ ਭੇਜੇ ਲੂਣ ਵਿਚੋਂ ਹੈਰੋਇਨ ਮਿਲੀ, ਵਲੋਂ ਅੱਜ ਹੋਰ ਲੂਣ ਦੇ ਟਰੱਕ ਭੇਜੇ ਗਏ ਹਨ। ਕਸਟਮ ਵਿਭਾਗ ਨੇ ਲੂਣ ਦੀ ਬਾਰੀਕੀ ਨਾਲ ਜਾਂਚ ਕੀਤੀ ਪਰ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਇਸੇ ਦੌਰਾਨ ਅਟਾਰੀ ਆਈਸੀਪੀ ’ਤੇ ਫੁੱਲ ਬਾਡੀ ਟਰੱਕ ਸਕੈਨਰ ਲਾਉਣ ਨੂੰ ਪਹਿਲਾਂ ਸਤੰਬਰ 2018 ਤਕ ਮੁਕੰਮਲ ਕਰਨ ਦਾ ਟੀਚਾ ਸੀ ਤੇ ਫਿਰ 31 ਦਸੰਬਰ ਤਕ ਵਧ ਗਿਆ ਪਰ ਟਰੱਕ ਸਕੈਨਰ ਅਜੇ ਵੀ ਸਥਾਪਤ ਨਹੀਂ ਹੋ ਸਕਿਆ। ਕਸਟਮ ਵਿਭਾਗ ਦੇ ਜੁਆਇੰਟ ਸਕੱਤਰ ਬਸੰਤ ਗਰਗ ਨੇ ਦੱਸਿਆ ਕਿ ਸਕੈਨਰ ਅਗਲੇ ਕੁਝ ਮਹੀਨਿਆਂ ਵਿਚ ਚਾਲੂ ਹੋ ਜਾਵੇਗਾ।