Arash Info Corporation

ਸਟੇਅਰਿੰਗ ਫੇਲ੍ਹ ਹੋਣ ਕਾਰਨ ਚਾਲਕ ਨੇ ਸਫੈਦੇ ’ਚ ਮਾਰੀ ਬੱਸ; 20 ਜ਼ਖ਼ਮੀ

02

July

2019

ਪਟਿਆਲਾ, ਪਟਿਆਲਾ ਤੋਂ ਪਿਹੋਵਾ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ (ਪੀਬੀ 29-ਜੇ-9583) ਦਾ ਸਟੇਅਰਿੰਗ ਫੇਲ੍ਹ ਹੋ ਗਿਆ, ਜਿਸ ਕਾਰਨ ਵੱਡਾ ਹਾਦਸਾ ਟਾਲਣ ਲਈ ਬੱਸ ਦੇ ਚਾਲਕ ਜਸਬੀਰ ਸਿੰਘ ਮੋਗਾ ਨੇ ਬੱਸ ਸੜਕ ਕਿਨਾਰੇ ਖੜ੍ਹੇ ਸਫੈਦੇ ਵਿਚ ਮਾਰ ਦਿੱਤੀ। ਉਂਜ ਇਸ ਘਟਨਾ ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ ਡੇਢ ਦਰਜਨ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਪਟਿਆਲਾ ਵਿਚਲੇ ਬੱਸ ਅੱਡੇ ਵਿੱਚੋਂ ਇਹ ਬੱਸ ਪਿਹੋਵਾ ਲਈ ਸਵੇਰੇ ਕਰੀਬ ਦਸ ਵਜੇ ਚੱਲੀ ਸੀ ਪਰ ਕਰੀਬ ਅੱਧੇ ਘੰਟੇ ਮਗਰੋਂ ਥਾਣਾ ਸਦਰ ਪਟਿਆਲਾ ਦੇ ਪਿੰਡ ਪੰਜੇਟਾ ਕੋਲ ਪੁੱਜਣ ’ਤੇ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਣ ਮਗਰੋਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਏ ਗਏ ਬੱਸ ਡਰਾਈਵਰ ਜਸਬੀਰ ਸਿੰਘ ਮੋਗਾ ਨੇ ਦੱਸਿਆ ਕਿ ਭੁਨਰਹੇੜੀ ਤੋਂ ਪਹਿਲਾਂ ਅਚਾਨਕ ਹੀ ਬੱੱਸ ਦਾ ਸਟੇਅਰਿੰਗ ਫੇਲ੍ਹ ਹੋ ਗਿਆ, ਜਿਸ ਕਰਕੇ ਕਿਸੇ ਵੱਡੇ ਨੁਕਸਾਨ ਨੂੰ ਟਾਲਣ ਲਈ ਉਸ ਨੇ ਖੁਦ ਹੀ ਬੱਸ ਸਫ਼ੈਦੇ ਵਿਚ ਮਾਰ ਦਿੱਤੀ। ਇਸ ਤਰ੍ਹਾਂ ਇਸ ਘਟਨਾ ਵਿੱਚ ਜਸਬੀਰ ਸਿੰਘ ਅਤੇ ਬੱਸ ਦੇ ਕੰਡਕਟਰ ਸਮੇਤ ਵੀਹ ਜਣੇ ਜ਼ਖ਼ਮੀ ਹੋ ਗਏ। ਹਾਦਸੇ ਬਾਰੇ ਇਤਲਾਹ ਮਿਲਣ ’ਤੇ ਪੁਲੀਸ ਚੌਕੀ ਭੁਨਰਹੇੜੀ ਦੇ ਮੁਲਾਜ਼ਮ ਤੁਰੰਤ ਘਟਨਾ ਸਥਾਨ ’ਤੇ ਪੁੱਜ ਗਏ। ਉਨ੍ਹਾਂ ਨੇ ਹੋਰਨਾਂ ਲੋਕਾਂ ਦੀ ਮਦਦ ਨਾਲ਼ ਜ਼ਖ਼ਮੀਆਂ ਨੂੰ ਬੱਸ ਵਿਚੋਂ ਕੱਢਿਆ। ਸਵਾਰੀਆਂ ਵਿੱਚੋਂ ਵਧੇਰੇ ਜ਼ਖ਼ਮੀ ਹੋਏ ਦਸ ਜਣਿਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਡਰਾਈਵਰ ਜਸਬੀਰ ਸਿੰਘ, ਸੰਗਰੂਰ ਵਾਸੀ ਅੰਜੂ, ਜਲਾਲਾਬਾਦ ਵਾਸੀ ਸਰਬਜੋਤ ਸਿੰਘ, ਪਟਿਆਲਾ ਵਾਸੀ ਵਿੱਦਿਆ ਦੇਵੀ, ਲਕਸ਼ਮੀ ਵਾਸੀ ਸ਼ੇਰਮਾਜਰਾ (ਪਟਿਆਲਾ), ਸੁਸ਼ੀਲ ਕੁਮਾਰ ਵਾਸੀ ਕੁਰੂਕਸ਼ੇਤਰ, ਸੁਰਜੀਤ ਕੌਰ ਵਾਸੀ ਬਹਾਦਰਗੜ੍ਹ (ਪਟਿਆਲਾ) ਅਤੇ ਬਲਬੀਰ ਕੌਰ ਵਾਸੀ ਰੌਹੜ (ਜ਼ਿਲ੍ਹਾ ਪਟਿਆਲਾ) ਸਮੇਤ ਸੁਰਜੀਤ ਕੌਰ ਅਤੇ ਕਰਮਜੀਤ ਕੌਰ ਆਦਿ ਦੇ ਵੱਖ ਵੱੱਖ ਥਾਈਂ ਸੱਟਾਂ ਵੱਜੀਆਂ ਹਨ। ਡਰਾਈਵਰ ਅਤੇ ਹੋਰ ਜ਼ਖ਼ਮੀ ਸਵਾਰੀਆਂ ਦੇ ਬਿਆਨ ਦਰਜ ਕਰਨ ਲਈ ਥਾਣਾ ਸਦਰ ਪਟਿਆਲਾ ਦੀ ਪੁਲੀਸ ਚੌਕੀ ਭੁਨਰਹੇੜੀ ਦੇ ਇੰਚਾਰਜ ਕਰਨਵੀਰ ਸਿੰਘ ਤੇ ਹੋਰ ਪੁਲੀਸ ਮੁਲਾਜ਼ਮ ਰਾਜਿੰਦਰਾ ਹਸਪਤਾਲ ਵਿਚ ਹੀ ਪੁੱਜੇ ਹੋਏ ਸਨ। ਉਪਰੋਕਤ ਜ਼ਖਮੀਆਂ ਤੋਂ ਇਲਾਵਾ ਕੁਝ ਹੋਰ ਜ਼ਖ਼ਮੀਆਂ ਨੂੰ ਪ੍ਰ੍ਰਾਈਵੇਟ ਹਸਪਤਾਲਾਂ ਵਿਚ ਵੀ ਦਾਖ਼ਲ ਕਰਵਾਇਆ ਗਿਆ ਹੈ। ਕੁਝ ਨੂੰ ਮੱਲ੍ਹਮ ਪੱਟੀ ਮਗਰੋਂ ਛੁੱਟੀ ਵੀ ਮਿਲ ਚੁੱਕੀ ਹੈ। ਥਾਣਾ ਸਦਰ ਪਟਿਆਲਾ ’ਚ ਬੱਸ ਹਾਦਸੇ ਦੇ ਡਰਾਈਵਰ ਜਸਬੀਰ ਸਿੰਘ ਖ਼ਿਲਾਫ਼ ਧਾਰਾ 279, 337 ਅਤੇ 338 ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਮਾਲਵਿੰਦਰ ਸਿੰਘ ਨੇ ਕਿਹਾ ਕਿ ਇਹ ਕੇਸ ਇੱਕ ਸਵਾਰੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।