ਹੁਣ ਬਿਜਲੀ ਦੀ ਸਮੱਸਿਆ ਨਾਲ ਨਹੀਂ ਜੂਝਣਾ ਪਵੇਗਾ ਜ਼ੀਰਕਪੁਰ ਵਾਸੀਆਂ ਨੂੰ

02

July

2019

ਜ਼ੀਰਕਪੁਰ, ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਪਾਵਰਕੌਮ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਪਾਵਰਕੌਮ ਵੱਲੋਂ ਖਪਤਕਾਰਾਂ ਦੀ ਸ਼ਿਕਾਇਤਾਂ ਦੇ ਤੈਅ ਸਮੇਂ ਵਿੱਚ ਨਿਪਟਾਰੇ ਅਤੇ ਸਾਂਭ ਸੰਭਾਲ ਲਈ ਇੱਕ ਵਿਦੇਸ਼ੀ ਕੰਪਨੀ ਟੈਲੀ ਪ੍ਰਫੋਰਮੈਂਸ ਨਾਲ ਕਰਾਰ ਕੀਤਾ ਹੈ। ਇਹ ਕੰਪਨੀ ਇਸ ਸਮੇਂ ਕੌਮਾਂਤਰੀ ਪੱਧਰ ’ਤੇ 80 ਦੇਸ਼ਾਂ ਵਿੱਚ ਅਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਕੰਪਨੀ ਨੇ ਲੰਘੀ 30 ਜੂਨ ਦੀ ਰਾਤ ਨੂੰ ਆਪਣਾ ਕੰਮ ਸੰਭਾਲ ਲਿਆ ਹੈ। ਵਿਭਾਗ ਵਲੋਂ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਸ ਕੰਪਨੀ ਦੇ ਹੱਥਾਂ ਵਿੱਚ ਕੰਮ ਜਾਣ ਨਾਲ ਜ਼ੀਰਕਪੁਰ ਦੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਸੀਨੀਅਰ ਕਾਰਜਕਾਰੀ ਇੰਜਨੀਅਰ ਖੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਯੂ.ਕੇ. ਬੇਸਡ ਟੈਲੀ ਪ੍ਰਫੋਰਮੈਂਸ ਕੰਪਨੀ ਵਲੋਂ ਜੀਰਕਪੁਰ ਲਈ 31 ਸੀ.ਐਚ.ਬੀ. (ਕੰਪਲੇਂਟ ਹੈਂਡਲਿੰਗ ਬਾਈਕ) ਤਾਇਨਾਤ ਕੀਤੀਆਂ ਗਈਆਂ ਹਨ। ਹਰ ਮੋਟਰਸਾਈਕਲ ’ਤੇ ਬਿਜਲੀ ਦੀ ਹਰ ਤਕਨੀਕੀ ਜਾਣਕਾਰੀ ਰੱਖਣ ਵਾਲੇ ਦੋ ਮਾਹਿਰ ਮਕੈਨਿਕ ਹੋਣਗੇ ਜੋ ਕਿ ਅਤਿ ਆਧੁਨਿਕ ਔਜ਼ਾਰਾਂ ਤੋਂ ਇਲਾਵਾ ਵਿਸ਼ੇਸ਼ ਤਰ੍ਹਾਂ ਦੀ ਸੁਰੱਖਿਆ ਉਪਕਰਣਾਂ ਵਾਲੀ ਵਰਦੀ ਨਾਲ ਲੈਸ ਹੋਣਗੇ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਬਿਜਲੀ ਸਮੱਸਿਆਵਾਂ ਨੂੰ ਤੁਰੰਤ ਦੂਰ ਕਰਨ ਲਈ ਇਸ ਟੀਮ ਨਾਲ ਜੂਨੀਅਰ ਇੰਜਨੀਅਰ ਵੀ ਮੌਜੂਦ ਰਹਿਣਗੇ। ਉਨ੍ਹਾਂ ਦੱਸਿਆ ਕਿ 62 ਕਰਮਚਾਰੀਆਂ ਵੱਲੋਂ ਬਿਨਾ ਦੇਰੀ ਤੋਂ ਨੁਕਸ ਦੂਰ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਡਿਵੀਜ਼ਨ ਪੱਧਰ ’ਤੇ ਚਾਰ ਵਿਅਕਤੀਆਂ ਦੀ ਟੀਮ 24 ਘੰਟੇ ਲਈ ਸ਼ਹਿਰ ਵਿੱਚ ਤਾਇਨਾਤ ਕੀਤੀ ਗਈ ਹੈ। ਇਸੇ ਤਰ੍ਹਾਂ ਕਿਸੇ ਵੱਡੇ ਨੁਕਸ ਪੈਣ ਦੀ ਸੂਰਤ ਵਿੱਚ ਵਿਭਾਗ ਵਲੋਂ ਇੱਕ ਵਿਸ਼ੇਸ਼ ਗੱਡੀ ਤਾਇਨਾਤ ਕੀਤੀ ਗਈ ਹੈ। ਲਿਫਟ ਵਾਲੀ ਇਸ ਵਿਸ਼ੇਸ਼ ਗੱਡੀ ਵਿੱਚ ਵਿਭਾਗ ਦੇ 8 ਕਰਮਚਾਰੀ ਤਾਇਨਾਤ ਰਹਿਣਗੇ। ਤੇਜ਼ ਹਵਾਵਾਂ ਚੱਲਣ ਮੌਕੇ ਬਿਜਲੀ ਦੀਆਂ ਤਾਰਾਂ ਤੇ ਦਰੱਖਤ ਟੁੱਟ ਕੇ ਡਿੱਗਣ ਸਮੇਂ ਇਹ ਗੱਡੀ ਬਹੁਤ ਸਹਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਅੱਜ ਰਾਤ ਤੋਂ ਆਪਣਾ ਕੰਮ ਸੰਭਾਲ ਲਿਆ ਗਿਆ ਹੈ ਅਤੇ ਕਰਮਚਾਰੀਆਂ ਦੀ ਨਿਗਰਾਨੀ ਲਈ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਸਬੰਧੀ ਸਾਰੀਆ ਸ਼ਿਕਾਇਤਾਂ ਪਹਿਲਾਂ ਦੀ ਤਰ੍ਹਾਂ ਪੁਰਾਣੇ ਨੰਬਰ 1912 ’ਤੇ ਹੀ ਦਰਜ ਕਰਵਾਈਆਂ ਜਾ ਸਕਣਗੀਆਂ ਜਿਨ੍ਹਾਂ ਦੇ ਸਮੇਂ ਸਿਰ ਨਿਪਟਾਰੇ ਦੀ ਨਿਗਰਾਨੀ ਪਾਵਰਕੌਮ ਵਲੋਂ ਹੀ ਕੀਤੀ ਜਾਵੇਗੀ।