ਸ਼ਿਮਲਾ 'ਚ ਸਕੂਲੀ ਬੱਸ ਦੇ ਖੱਡ 'ਚ ਡਿੱਗਣ ਕਾਰਨ ਦੋ ਵਿਦਿਆਰਥੀਆਂ ਸਣੇ ਤਿੰਨ ਦੀ ਮੌਤ

01

July

2019

ਸ਼ਿਮਲਾ, 1 ਜੁਲਾਈ (ਪੰਕਜ)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਖਲੀਨੀ ਇਲਾਕੇ 'ਚ ਪੈਂਦੇ ਝੰਝੀਡੀ 'ਚ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇੱਕ ਸਕੂਲੀ ਬੱਸ ਡੂੰਘੀ ਖੱਡ 'ਚ ਡਿੱਗ ਪਈ। ਇਸ ਹਾਦਸੇ 'ਚ ਦੋ ਬੱਚਿਆਂ ਅਤੇ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ 7 ਬੱਚੇ ਜ਼ਖ਼ਮੀ ਹੋ ਗਏ। ਮ੍ਰਿਤਕ ਬੱਚਿਆਂ ਦੀ ਪਹਿਚਾਣ ਮਹਲ ਤੇ ਮਾਨਯ ਅਤੇ ਚਾਲਕ ਦੀ ਪਹਿਚਾਣ ਨਰੇਸ਼ ਦੇ ਰੂਪ 'ਚ ਹੋਈ ਹੈ। ਸਾਰੇ ਬੱਚਿਆਂ ਨੂੰ ਇਲਾਜ ਲਈ ਆਈ. ਜੀ. ਐੱਮ. ਸੀ. ਸ਼ਿਮਲਾ 'ਚ ਦਾਖ਼ਲ ਕਰਾਇਆ ਗਿਆ ਹੈ। ਹਾਦਸੇ ਦੇ ਪਿੱਛੇ ਦਾ ਕਾਰਨ ਸੜਕ ਕਿਨਾਰੇ ਗ਼ੈਰ-ਕਾਨੂੰਨੀ ਪਾਰਕਿੰਗ ਨੂੰ ਦੱਸਿਆ ਜਾ ਰਿਹਾ ਹੈ। ਥਾਂ ਘੱਟ ਹੋਣ ਕਾਰਨ ਚਾਲਕ ਸੜਕ 'ਤੇ ਮੋੜ ਨੂੰ ਪੂਰਾ ਨਹੀਂ ਕੱਟ ਸਕਿਆ ਅਤੇ ਬੱਸ ਖੱਡ 'ਚ ਡਿੱਗ ਪਈ। ਇਸ ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਮੌਕੇ 'ਤੇ ਲਗਭਗ 3 ਦਰਜਨ ਵਾਹਨਾਂ ਨੂੰ ਤੋੜ ਦਿੱਤਾ। ਉੱਧਰ ਇਸ ਘਟਨਾ 'ਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।