ਫ਼ਲਾਈਓਵਰ ਦੇ ਖੰਭੇ ਤੋੜ ਕੇ ਡਿਵਾਈਡਰ ’ਤੇ ਚੜ੍ਹੀ ਬੱਸ

25

June

2019

ਬਨੂੜ, ਚੰਡੀਗੜ੍ਹ ਤੋਂ ਪਟਿਆਲਾ ਜਾ ਰਹੀ ਪੈਪਸੂ ਰੋਡਵੇਜ਼ ਦੀ ਇੱਕ ਬੱਸ ਦੇ ਡਰਾਈਵਰ ਦੀ ਅੱਖ ਲੱਗਣ ਕਾਰਨ ਬੱਸ ਬਨੂੜ ਦੇ ਫ਼ਲਾਈਓਵਰ ਉੱਤੇ ਤਿੰਨ ਖੰਭੇ ਤੋੜ ਕੇ ਡਿਵਾਈਡਰ ਉੱਤੇ ਜਾ ਚੜ੍ਹੀ। ਸਵਾਰੀਆਂ ਦੇ ਚੀਕ ਚਿਹਾੜੇ ਨਾਲ ਇੱਕਦਮ ਹਰਕਤ ਵਿੱਚ ਆਏ ਡਰਾਈਵਰ ਨੇ ਬੱਸ ਨੂੰ ਕੰਟਰੋਲ ਕੀਤਾ। ਹਾਦਸੇ ਵਿੱਚ ਸਵਾਰੀਆਂ ਦਾ ਵਾਲ ਵਾਲ ਬਚਾਅ ਹੋ ਗਿਆ ਪਰ ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਤੇ ਕੰਡਕਟਰ ਸਾਈਡ ਦਾ ਅਗਲਾ ਸ਼ੀਸ਼ਾ ਵੀ ਟੁੱਟ ਗਿਆ। ਹਾਦਸਾ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ 26 ਦੇ ਕਰੀਬ ਸਵਾਰੀਆਂ ਸਨ। ਕਈ ਸਵਾਰੀਆਂ ਨੇ ਆਪਣਾ ਨਾਂ ਨਾ ਛਾਪੇ ਜਾਣ ਦੀ ਸੂਰਤ ਵਿੱਚ ਦੱਸਿਆ ਕਿ ਬੱਸ ਚਲਾ ਰਹੇ ਡਰਾਈਵਰ ਨੂੰ ਅਚਾਨਕ ਨੀਂਦ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ। ਸਵਾਰੀਆਂ ਨੇ ਦੱਸਿਆ ਕਿ ਜਦੋਂ ਬੱਸ ਫ਼ਲਾਈਓਵਰ ਦੇ ਵਿਚਕਾਰਲੇ ਡਿਵਾਈਡਰ ਦੇ ਖੰਭਿਆਂ ਨਾਲ ਟਕਰਾਉਣ ਲੱਗੀ ਤਾਂ ਸਵਾਰੀਆਂ ਨੇ ਰੌਲਾ ਪਾ ਦਿੱਤਾ। ਬੱਸ ਤਿੰਨ ਖੰਭੇ ਤੋੜਨ ਮਗਰੋਂ ਡਿਵਾਈਡਰ ਉੱਤੇ ਚੜ੍ਹ ਕੇ ਰੁਕੀ। ਬੱਸ ਡਰਾਈਵਰ ਨਰਿੰਦਰ ਸਿੰਘ ਨੇ ਨੀਂਦ ਆਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਚਾਨਕ ਹਾਦਸਾ ਵਾਪਰ ਗਿਆ ਸੀ ਪਰ ਬਚਾਅ ਹੋ ਗਿਆ। ਬੱਸ ਦੇ ਕੰਡਕਟਰ ਅਕਬਰ ਅਲੀ ਨੇ ਬੱਸ ਦੀਆਂ ਸਮੁੱਚੀਆਂ ਸਵਾਰੀਆਂ ਨੂੰ ਪਿੱਛੇ ਆ ਰਹੀ ਬੱਸ ਵਿਚ ਚੜ੍ਹਾ ਕੇ ਪਟਿਆਲਾ ਲਈ ਰਵਾਨਾ ਕੀਤਾ।