ਏਟੀਐੱਮ ਕਾਰਡ ਬਦਲ ਕੇ ਠੱਗੀ ਮਾਰਨ ਦੇ ਦੋਸ਼ ਹੇਠ ਦੋ ਕਾਬੂ

21

June

2019

ਐਸਏਐਸ ਨਗਰ (ਮੁਹਾਲੀ), ਮੁਹਾਲੀ ਪੁਲੀਸ ਨੇ ਏਟੀਐਮ ਕਾਰਡ ਬਦਲ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟਾਂ ’ਤੇ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੁਲਦੀਪ ਸਿੰਘ ਉਰਫ਼ ਗੁੱਡੂ ਵਾਸੀ ਯੂਪੀ ਨੂੰ ਰੂਪਨਗਰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਕੁਰਾਲੀ ਨੇੜਲੇ ਪੜੌਲ ਪਿੰਡ ਵਿੱਚ ਰਹਿੰਦਾ ਸੀ। ਦੂਜਾ ਮੁਲਜ਼ਮ ਮੋਨੂੰ ਕੁਮਾਰ ਵਾਸੀ ਯੂਪੀ ਨੂੰ ਚੰਡੀਗੜ੍ਹ ਜੇਲ੍ਹ ’ਚੋਂ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਯੂਟੀ ਦੇ ਪਿੰਡ ਡੱਡੂਮਾਜਰਾ ਵਿੱਚ ਆਪਣੀ ਭੂਆ ਕੋਲ ਰਹਿੰਦਾ ਸੀ। ਇਹ ਦੋਵੇਂ ਚਰੇਰੇ ਭਰਾ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਬਾਜਇੰਦਰ ਸਿੰਘ ਵਾਸੀ ਫੇਜ਼-11 ਦੀ ਸ਼ਿਕਾਇਤ ’ਤੇ ਬੀਤੀ 25 ਮਾਰਚ ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਦੋਵੇਂ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਸ਼ਿਕਾਇਤਕਰਤਾ ਦਾ ਪਿਤਾ ਬੈਂਕ ਦੇ ਏਟੀਐਮ ’ਚੋਂ ਪੈਸੇ ਕਢਵਾਉਣ ਗਿਆ ਸੀ। ਜਿਵੇਂ ਹੀ ਬਜ਼ੁਰਗ ਏਟੀਐਮ ਦੇ ਬਾਹਰ ਲਾਈਨ ਵਿੱਚ ਲੱਗਾ ਤਾਂ ਇਸ ਦੌਰਾਨ ਮੁਲਜ਼ਮ ਵੀ ਉਸ ਦੇ ਪਿੱਛੇ ਖੜ੍ਹੇ ਹੋ ਗਏ ਅਤੇ ਸਾਜ਼ਿਸ਼ ਤਹਿਤ ਉਨ੍ਹਾਂ ਨੇ ਧੱਕਾ ਵੱਜਣ ਦਾ ਡਰਾਮਾ ਕੀਤਾ। ਇਸ ਕਾਰਨ ਬਜ਼ੁਰਗ ਦੇ ਹੱਥੋਂ ਏਟੀਐਮ ਕਾਰਡ ਜ਼ਮੀਨ ’ਤੇ ਡਿੱਗ ਪਿਆ। ਮੁਲਜ਼ਮਾਂ ਨੇ ਏਟੀਐਮ ਕਾਰਡ ਬਦਲ ਲਿਆ ਅਤੇ ਪੈਸੇ ਕਢਵਾਉਣ ਵੇਲੇ ਹੁਸ਼ਿਆਰੀ ਨਾਲ ਪਾਸਵਰਡ ਪਤਾ ਕਰ ਲਿਆ। ਬਜ਼ੁਰਗ ਦੇ ਉੱਥੋਂ ਜਾਣ ਮਗਰੋਂ ਮੁਲਜ਼ਮਾਂ ਨੇ ਪੀੜਤ ਦੇ ਖ਼ਾਤੇ ’ਚੋਂ ਇਕ ਲੱਖ ਰੁਪਏ ਕਢਵਾ ਲਏ ਸਨ।