ਗਾਰਬੇਜ ਕੁਲੈਕਟਰ ਤੇ ਸਫ਼ਾਈ ਕਾਮੇ ਮੁੜ ਹੜਤਾਲ ਦੇ ਰੌਂਅ ’ਚ

10

June

2019

ਚੰਡੀਗੜ੍ਹ, ਚੰਡੀਗੜ੍ਹ ਸ਼ਹਿਰ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਸਰੋਤ ਵਾਲੀ ਥਾਂ ਤੋਂ ਹੀ ਇਕੱਤਰ ਕਰਨ ਲਈ ਨਗਰ ਨਿਗਮ ਵਲੋਂ ਸ਼ੁਰੂ ਕੀਤੀ ਗਈ ਯੋਜਨਾ ਦੇ ਵਿਰੋਧ ਵਿੱਚ ਡੋਰ-ਟੂ-ਡੋਰ ਗਾਰਬੇਜ ਕੁਲੈਕਟਰ ਅਤੇ ਸਫ਼ਾਈ ਕਰਮਚਾਰੀ ਮੁੜ ਤੋਂ ਹੜਤਾਲ ਕਰਨ ਦੀ ਤਿਆਰੀ ਵਿੱਚ ਹਨ। ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ’ਤੇ ਇਸ ਮਾਮਲੇ ਨੂੰ ਲੈ ਕੇ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪਿਛਲੇ ਸਾਲ 2 ਅਕਤੂਬਰ ਨੂੰ ਜਿਸ ਸਮਝੌਤੇ ਤਹਿਤ ਚੰਡੀਗੜ੍ਹ ਨਿਗਮ ਨੇ ਘਰਾਂ ਤੋਂ ਕੂੜਾ ਚੁੱਕਣ ਵਾਲਿਆਂ ਦੀ ਹੜਤਾਲ ਖਤਮ ਕਰਵਾਈ ਸੀ, ਉਸ ਸਮਝੌਤੇ ਨੂੰ ਨੁੱਕਰੇ ਲਗਾ ਕੇ ਪਿੰਡ ਸਾਰੰਗਪੁਰ ਅਤੇ ਖੁੱਡਾ ਜੱਸੂ ਤੋਂ 4 ਜੂਨ ਨੂੰ ਨਗਰ ਨਿਗਮ ਨੇ ਆਪਣੇ ਵਾਹਨਾਂ ਰਾਹੀਂ ਘਰਾਂ ਤੋਂ ਕੂੜਾ ਇਕੱਠਾ ਕਰਨ ਦੀ ਯੋਜਨਾ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਨਿਗਮ ਦੇ ਇਸ ਫੈਸਲੇ ਕਾਰਨ ਡੋਰ-ਟੂ-ਡੋਰ ਗਾਰਬੇਜ ਕੁਲੈਕਟਰ ਕਿਸੇ ਵੇਲੇ ਵੀ ਹੜਤਾਲ ’ਤੇ ਜਾ ਸਕਦੇ ਹਨ। ਹੜਤਾਲ ਤੋਂ ਪਹਿਲਾਂ ਗਾਰਬੇਜ ਕੁਲੈਕਟਰਜ਼ ਐਸੋਸੀਏਸ਼ਨ ਦਾ ਵਫਦ ਸੋਮਵਾਰ ਨੂੰ ਮੇਅਰ ਨੂੰ ਮਿਲੇਗਾ ਅਤੇ ਲੰਘੇ 2 ਅਕਤੂਬਰ ਦੇ ਸਮਝੌਤੇ ਅਨੁਸਾਰ ਹੀ ਗਿੱਲੇ ਤੇ ਸੁੱਕੇ ਕੂੜੇ ਨੂੰ ਇਕੱਤਰ ਕਰਨ ਦੀ ਯੋਜਨਾ ਲਾਗੂ ਕਰਨ ਦੀ ਮੰਗ ਕੀਤੀ ਜਾਵੇਗਾ। ਐਸੋਸੀਏਸ਼ਨ ਦੇ ਚੇਅਰਮੈਨ ਓਮ ਪ੍ਰਕਾਸ਼ ਨੇ ਕਿਹਾ ਕਿ ਹੜਤਾਲ ਤੋਂ ਪਹਿਲਾਂ 10 ਜੂਨ ਨੂੰ ਵਫਦ ਮੇਅਰ ਰਾਜੇਸ਼ ਕਾਲੀਆ ਨੂੰ ਵੀ ਮਿਲੇਗਾ। ਜੇਕਰ ਨਗਰ ਨਿਗਮ ਨੇ ਉਨ੍ਹਾਂ ਦੀ ਮੰਗ ਨਹੀਂ ਮੰਨੀ ਤਾਂ ਅਣਮਿਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਜਾਵੇਗਾ। ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਵੀ ਨਿਗਮ ਨੇ ਸ਼ਹਿਰ ਦੇ ਘਰਾਂ ਵਿੱਚੋਂ ਆਪਣੇ ਵਾਹਨਾਂ ਰਾਹੀਂ ਕੂੜਾ ਚੁੱਕਣ ਦੀ ਯੋਜਨਾ ਬਣਾਈ ਸੀ ਜਿਸ ਦੇ ਵਿਰੋਧ ਵਿੱਚ ਸਫਾਈ ਕਾਮਿਆਂ ਵੱਲੋਂ ਹੜਤਾਲ ਕੀਤੀ ਗਈ ਸੀ। 22 ਦਿਨ ਲੰਮੀ ਚਲੀ ਇਸ ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਠੱਪ ਗਈ ਸੀ। ਨਿਗਮ ਨੇ ਹੜਤਾਲੀ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਸਮਝੌਤਾ ਕੀਤਾ ਸੀ ਜਿਸ ਤੋਂ ਬਾਅਦ ਹੜਤਾਲ ਖਤਮ ਹੋਈ ਸੀ। ਡੋਰ-ਟੂ-ਡੋਰ ਗਾਰਬੇਜ ਕੁਲੈਕਟਰਾਂ ਦੀ ਮੰਗ ਹੈ ਕਿ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਕੰਮ ਪਹਿਲਾਂ ਵਾਂਗ ਜਾਰੀ ਰਹੇ। ਇਸ ਕੰਮ ਨਾਲ ਕਰੀਬ ਪੰਜ ਹਜ਼ਾਰ ਪਰਿਵਾਰਾਂ ਦੀ ਰੋਜ਼ੀ ਰੋਟੀ ਜੁੜੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੇ 4 ਜੂਨ ਨੂੰ ਪਿੰਡ ਸਾਰੰਗਪੁਰ ਤੇ ਖੁੱਡਾ ਜੱਸੂ ਤੋਂ ਗਿੱਲੇ ਤੇ ਸੁੱਕੇ ਕੂੜੇ ਨੂੰ ਇਕੱਤਰ ਕਰਨ ਦੀ ਯੋਜਨਾ ਸ਼ੁਰੂ ਕਰ ਕੇ ਇਨ੍ਹਾਂ ਗਰੀਬ ਪਰਿਵਾਰਾਂ ਦੇ ਰੁਜ਼ਗਾਰ ਨੂੰ ਸੱਟ ਮਾਰੀ ਹੈ।