Arash Info Corporation

ਚੰਡੀਗੜ੍ਹੀਆਂ ਨੂੰ ਝਪਟਮਾਰਾਂ ਤੇ ਲਾਵਾਰਿਸ ਕੁੱਤਿਆਂ ਤੋਂ ਮਿਲੇਗੀ ਨਿਜਾਤ

10

June

2019

ਚੰਡੀਗੜ੍ਹ, ਲਾਵਾਰਿਸ ਕੁੱਤਿਆਂ ਅਤੇ ਝਪਟਮਾਰਾਂ ਤੋਂ ਡਰਦਿਆਂ ਚੰਡੀਗੜ੍ਹ ਵਿਚ ਮਹਿਲਾਵਾਂ ਅਤੇ ਬਜ਼ੁਰਗ ਸੈਰ ਕਰਨ ਤੋਂ ਕਿਨਾਰਾ ਕਰ ਰਹੇ ਹਨ ਅਤੇ ਸ਼ਹਿਰ ਦੇ ਵੰਨ-ਸੁਵੰਨੇ ਪਾਰਕ ਬੇਰੌਣਕ ਹੁੰਦੇ ਜਾ ਰਹੇ ਹਨ। ਪਿੱਛਲੇ ਕਈ ਸਾਲਾਂ ਤੋਂ ਸ਼ਹਿਰ ਵਿਚ ਲਾਵਾਰਿਸ ਕੁੱਤੇ ਰੋਜ਼ਾਨਾ ਔਸਤਨ 20 ਵਿਅਕਤੀਆਂ ਨੂੰ ਵੱਢਦੇ ਹਨ। 17 ਜੂਨ 2018 ਨੂੰ ਸੈਕਟਰ-18 ਦੇ ਪਾਰਕ ਵਿਚ ਲਾਵਾਰਿਸ ਕੁੱਤਿਆਂ ਨੇ ਡੇਢ ਸਾਲ ਦੇ ਆਯੂਸ਼ ਦੀ ਜਾਨ ਲੈ ਲਈ ਸੀ। ਪਿੱਛਲੇ ਦਿਨੀਂ ਹੀ ਸੈਕਟਰ 17 ਦੇ ਪਲਾਜ਼ਾ ਵਿਚ ਕੁੱਤਿਆਂ ਨੇ ਇਕ ਨੌਜਵਾਨ ਨੂੰ ਘੇਰ ਕੇ ਵੱਢ ਲਿਆ ਸੀ ਅਤੇ ਟਰੇਡਰਜ਼ ਐਸੋਸੀਏਸ਼ਨ ਸੈਕਟਰ-17 ਦੇ ਪ੍ਰਧਾਨ ਸੁਭਾਸ਼ ਕਟਾਰੀਆ ਨੇ ਦੋਸ਼ ਲਾਇਆ ਕਿ ਪਹਿਲਾਂ ਹੀ ਨਗਰ ਨਿਗਮ ਦੇ ਕਮਿਸ਼ਨਰ ਕੇਕੇ ਯਾਦਵ ਨੂੰ ਮੈਮੋਰੰਡਮ ਦੇ ਕੇ ਸੁਚੇਤ ਕੀਤਾ ਗਿਆ ਸੀ ਕਿ ਸੈਕਟਰ-17 ਵਿਚ ਕੁੱਤਿਆਂ ਦੀ ਭਰਮਾਰ ਅਣਹੋਣੀ ਘਟਨਾ ਨੂੰ ਅੰਜ਼ਾਮ ਦੇ ਸਕਦੀ ਹੈ। ਨਿਗਮ ਵੱਲੋਂ ਕੋਈ ਕਦਮ ਨਾ ਚੁੱਕਣ ਕਾਰਨ ਇਹ ਵਿਅਕਤੀ ਕੁੱਤਿਆਂ ਦਾ ਸ਼ਿਕਾਰ ਬਣ ਗਿਆ। ਚੰਡੀਗੜ੍ਹ ਨਗਰ ਨਿਗਮ ਨੇ ਹੁਣ ਹਰੇਕ ਮਹੀਨੇ 400 ਕੁੱਤਿਆਂ ਦੀ ਨਸਬੰਦੀ ਕਰਨ ਦਾ ਟੀਚਾ ਮਿੱਥਿਆ ਹੈ। ਨਿਗਮ ਨੂੰ ਪ੍ਰਤੀ ਕੁੱਤਾ ਇਕ ਹਜ਼ਾਰ ਰੁਪਏ ਖਰਚਣੇ ਪੈਣਗੇ। ਨਿਗਮ ਦਾ ਮੰਨਣਾ ਹੈ ਕਿ ਹਰੇਕ ਮਹੀਨੇ 400 ਕੁੱਤਿਆਂ ਦੀ ਨਸਬੰਦੀ ਕਰਨ ਨਾਲ ਸ਼ਹਿਰ ਵਿਚ ਕੁੱਤਿਆਂ ਦੀ ਭੀੜ ਘਟਣ ਦੇ ਆਸਾਰ ਹਨ। ਨਿਗਮ ਨੇ ਪਾਰਕਾਂ ਵਿਚ ਪਾਲਤੂ ਕੁੱਤਿਆਂ ਦੀ ਐਂਟਰੀ ਵੀ ਬੰਦ ਕਰਵਾਉਣ ਦਾ ਫੈਸਲਾ ਕੀਤਾ ਹੈ। ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਫੈਸਲਾ ਸਖਤੀ ਨਾਲ ਲਾਗੂ ਕਰਨ ਅਤੇ ਪਾਲਤੂ ਕੁੱਤੇ ਨੂੰ ਪਾਰਕਾਂ ਵਿਚ ਘੁੰਮਾਉਣ ਵਾਲਿਆਂ ਨੂੰ 500 ਰੁਪਏ ਜੁਰਮਾਨਾ ਕਰਨ ਦੇ ਆਦੇਸ਼ ਦਿੱਤੇ ਹਨ। ਇਸੇ ਦੌਰਾਨ ਚੰਡੀਗੜ੍ਹ ਪੁਲੀਸ ਵੱਲੋਂ ਲੁੱਟਾਂ-ਖੋਹਾਂ ਤੇ ਝਪਟਮਾਰੀ ਕਰਨ ਵਾਲਿਆਂ ਨੂੰ ਘੱਟੋ ਘੱਟ 10 ਸਾਲਾਂ ਦੀ ਸਜ਼ਾ ਦਿਵਾਉਣ ਦਾ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ। ਐੱਸਐੱਸਪੀ ਨੀਲਾਂਬਰੀ ਜਗਦਲੇ ਨੇ ਸਖਤ ਕਾਨੂੰਨ ਸਬੰਧੀ ਤਰਕ ਦਿੱਤਾ ਹੈ ਕਿ ਜ਼ਿਆਦਤਰ ਲੁੱਟਾਂ-ਖੋਹਾਂ ਨਸ਼ੇੜੀ ਕਿਸਮ ਦੇ ਅਨਸਰ ਹੀ ਕਰਦੇ ਹਨ ਪਰ ਇਸ ਸਬੰਧੀ ਕਾਨੂੰਨ ਨਰਮ ਹੋਣ ਕਾਰਨ ਅਕਸਰ ਝਪਟਮਾਰ ਕੁਝ ਦਿਨਾਂ ਬਾਅਦ ਹੀ ਜ਼ਮਾਨਤਾਂ ਕਰਵਾ ਕੇ ਜੇਲ੍ਹ ਵਿਚੋਂ ਛੁੱਟ ਜਾਂਦੇ ਹਨ ਅਤੇ ਬਾਹਰ ਆ ਕੇ ਮੁੜ ਨਸ਼ੇ ਦਾ ਜੁਗਾੜ ਕਰਨ ਲਈ ਲੁੱਟਾਂ-ਖੋਹਾਂ ਕਰਨ ਲੱਗ ਜਾਂਦੇ ਹਨ। ਐੱਸਐੱਸਪੀ ਨੇ ਖੋਹਾਂ ਦੇ ਮਾਮਲੇ ਵਿਚ ਸਾਰੇ ਐੱਸਐਚਓਜ਼ ਨੂੰ ਪਹਿਲਾਂ ਹੀ ਸਖਤ ਹਦਾਇਤਾਂ ਜਾਰੀ ਕਰਕੇ ਕਿਹਾ ਹੈ ਕਿ ਅਜਿਹੀ ਘਟਨਾ ਵਾਪਰਨ ਦੀ ਸੂਰਤ ਵਿਚ ਸਬੰਧਤ ਉਪ ਮੰਡਲ ਥਾਣੇ ਅਧੀਨ ਆਉਂਦੇ ਸਮੂਹ ਐੱਸਐਚਓਜ਼ ਹੰਗਾਮੀ ਹਾਲਤ ’ਚ ਖੋਹ ਦੀ ਵਾਪਰੀ ਘਟਨਾ ਦੇ ਸਥਾਨ ’ਤੇ ਪੁੱਜ ਕੇ ਆਪੋ-ਆਪਣੇ ਪੱਧਰ ’ਤੇ ਮੁਲਜ਼ਮ ਨੂੰ ਦਬੋਚਣ ਦਾ ਐਕਸ਼ਨ ਕਰਨਗੇ। ਬਾਂਦਰਾਂ ਦੀਆਂ ਟਪੂਸੀਆਂ ਵੀ ਹੋਣਗੀਆਂ ਬੰਦ ਨਗਰ ਨਿਗਮ ਨੇ ਵਣ ਵਿਭਾਗ ਨਾਲ ਮਿਲ ਕੇ ਲੋਕਾਂ ਨੂੰ ਬਾਂਦਰਾਂ ਤੋਂ ਨਿਜ਼ਾਤ ਦਿਵਾਉਣ ਦੀ ਰਣਨੀਤੀ ਬਣਾਈ ਹੈ। ਨਿਗਮ ਤੇ ਵਣ ਵਿਭਾਗ ਦੀਆਂ ਟੀਮਾਂ ਸਾਂਝੇ ਤੌਰ ’ਤੇ ਬਾਂਦਰਾਂ ਵਿਰੁੱਧ ਕਰਵਾਈ ਕਰਨਗੀਆਂ। ਸ਼ਹਿਰ ਵਿਚ ਦਹਿਸ਼ਤ ਮਚਾਉਣ ਵਾਲੇ ਬਾਂਦਰਾਂ ਨੂੰ ਨਿਗਮ ਤੇ ਵਣ ਵਿਭਾਗ ਦੀਆਂ ਟੀਮਾਂ ਕਾਬੂ ਕਰਨਗੀਆਂ ਅਤੇ ਵਣ ਵਿਭਾਗ ਬਾਂਦਰਾਂ ਨੂੰ ਜੰਗਲ ਵਿਚ ਛੱਡਣ ਦੀ ਜ਼ਿੰਮੇਵਾਰੀ ਨਿਭਾਵੇਗਾ। ਕੁੱਤੇ ਵੱਲੋਂ ਵੱਢਣ ’ਤੇ ਇਲਾਜ ਸਬੰਧੀ ਹਦਾਇਤਾਂ ਡਾਕਟਰਾਂ ਅਨੁਸਾਰ ਕੁੱਤੇ ਵੱਲੋਂ ਵੱਢਣ ’ਤੇ ਤੁਰੰਤ ਜ਼ਖ਼ਮ ਨੂੰ ਖੁੱਲ੍ਹੇ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ। ਜੇ ਜ਼ਖਮ ਵਿਚੋਂ ਖੂਨ ਸਿੰਮ ਰਿਹਾ ਹੈ ਤਾਂ ਉਸ ਨੂੰ ਰੋਕਣ ਦਾ ਯਤਨ ਨਾ ਕੀਤਾ ਜਾਵੇ ਅਤੇ ਖੂਨ ਨਿਕਲਣ ਤੋਂ ਬਾਅਦ ਉਸ ਉਪਰ ਪੱਟੀ ਬਣ ਕੇ ਤੁਰੰਤ ਡਾਕਟਰ ਕੋਲ ਪਹੁੰਚਣਾ ਚਾਹੀਦਾ ਹੈ।