Arash Info Corporation

ਬੱਸ ਤੇ ਆਟੋ ਚਾਲਕਾਂ ਵਿਚਾਲੇ ਤਕਰਾਰ ਨੇ ਖ਼ੂਨੀ ਰੂਪ ਧਾਰਿਆ

06

June

2019

ਚੇਤਨਪੁਰਾ, ਅੰਮ੍ਰਿਤਸਰ-ਫਤਿਹਗੜ੍ਹ ਚੂੜੀਆਂ ਰੋਡ ’ਤੇ ਪੈਂਦੇ ਪਿੰਡ ਚੇਤਨਪੁਰਾ ਤੇ ਸੋਹੀਆਂ ਕਲਾਂ ਵਿਚਾਲੇ ਨਿੱਜੀ ਬੱਸਾਂ ਦੇ ਕਰਿੰਦਿਆਂ ਅਤੇ ਆਟੋ ਚਾਲਕਾਂ ਵਿਚਕਾਰ ਅੱਜ ਸਵਾਰੀਆਂ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਸਿੱਟੇ ਵਜੋਂ ਦੋ ਔਰਤਾਂ ਸਮੇਤ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ‘ਤੇ ਪਹੁੰਚੇ ਥਾਣਾ ਮਜੀਠਾ ਦੇ ਏਐਸਆਈ ਯਸ਼ਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਦੋਹਾਂ ਧਿਰਾਂ ਵਿਚਕਾਰ ਸਵਾਰੀਆਂ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਸੀ। ਅੱਜ 80 ਦੇ ਕਰੀਬ ਅਣਪਛਾਤੇ ਆਟੋ ਚਾਲਕਾਂ ਵੱਲੋਂ ਨਿੱਜੀ ਬੱਸਾਂ ਦੇ ਕਰਿੰਦੇ ਹੈਪੀ ਮਹੱਦੀਪੁਰ, ਗੁਰਬਾਜ਼ ਸਿੰਘ ਮੋਹਨ ਭੰਡਾਰੀਆਂ, ਪ੍ਰਗਟ ਸਿੰਘ ਪਠਾਨ ਨੰਗਲ, ਰੇਸ਼ਮ ਸਿੰਘ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਕਤ ਵਿਅਕਤੀ ਜਦੋਂ ਆਪਣੇ ਬਚਾਅ ਲਈ ਭੱਜ ਕੇ ਨੇੜੇ ਲੱਗਦੇ ਬਹਿਕ ਵਿੱਚ ਜਾ ਵੜੇ ਤਾਂ ਹਮਲਾਵਰਾਂ ਵੀ ਉਨ੍ਹਾਂ ਦੇ ਪਿੱਛੇ ਬਹਿਕ ‘ਤੇ ਪਹੁੰਚ ਗਏ। ਹਮਲਾਵਰਾਂ ਨੇ ਬਿਨਾਂ ਕੁਝ ਸੋਚੇ ਸਮਝੇ ਘਰ ਦੇ ਜੀਆਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕਿਸਾਨ ਅਮਰੀਕ ਸਿੰਘ, ਕ੍ਰਿਪਾਲ ਸਿੰਘ ਹੈਪੀ, ਰੁਪਿੰਦਰ ਕੌਰ ਪਤਨੀ ਕੁਲਵੰਤ ਸਿੰਘ, ਰਵੀਕਰਨ ਸਿੰਘ, ਰਾਜਬੀਰ ਕੌਰ ਪਤਨੀ ਇਕਬਾਲ ਸਿੰਘ ਸਾਰੇ ਵਾਸੀ ਸੋਹੀਆਂ ਕਲਾਂ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲੀਸ ਵੱਲੋਂ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।