Arash Info Corporation

ਹਿਰਾਸਤੀ ਮੌਤ: ਮੁਲਜ਼ਮਾਂ ਦੇ ਪੁਲੀਸ ਰਿਮਾਂਡ ’ਚ ਇੱਕ ਦਿਨ ਦਾ ਵਾਧਾ

06

June

2019

ਫ਼ਰੀਦਕੋਟ, ਜਸਪਾਲ ਸਿੰਘ ਦੀ ਹਿਰਾਸਤੀ ਮੌਤ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਬੀਤੇ ਕੱਲ੍ਹ ਅਦਾਲਤ ਦੇ ਹੁਕਮਾਂ ’ਤੇ ਗ੍ਰਿਫ਼ਤਾਰ ਕੀਤੇ ਗਏ ਸੀਆਈਏ ਸਟਾਫ਼ ਦੇ ਦੋ ਅਧਿਕਾਰੀ ਸੁਖਮੰਦਰ ਸਿੰਘ ਅਤੇ ਦਰਸ਼ਨ ਸਿੰਘ ਦੇ ਪੁਲੀਸ ਰਿਮਾਂਡ ਵਿੱਚ ਸਥਾਨਕ ਜੁਡੀਸ਼ੀਅਲ ਮੈਜਿਸਟਰੇਟ ਨੇ ਇੱਕ ਦਿਨ ਦਾ ਵਾਧਾ ਕਰ ਦਿੱਤਾ ਹੈ। ਜਾਂਚ ਟੀਮ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਐੱਸਐੱਸ ਗਿੱਲ ਨੇ ਅਦਾਲਤ ਨੂੰ ਦੱਸਿਆ ਕਿ ਜਸਪਾਲ ਸਿੰਘ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਸਬੰਧੀ ਕਈ ਅਹਿਮ ਤੱਥਾਂ ਬਾਰੇ ਜਾਂਚ ਟੀਮ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ ਅਤੇ ਫੜੇ ਗਏ ਸੀ.ਆਈ.ਏ ਸਟਾਫ਼ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰਨੀ ਹੈ। ਸਰਕਾਰੀ ਵਕੀਲ ਐੱਸਐੱਸ ਗਿੱਲ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਕੱਪੜੇ ਅਤੇ ਮੋਬਾਈਲ ਬਾਰੇ ਵੀ ਇਨ੍ਹਾਂ ਅਧਿਕਾਰੀਆਂ ਨੂੰ ਹੀ ਪਤਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਪੁਲੀਸ ਰਿਮਾਂਡ ਵਿੱਚ ਵਾਧਾ ਕਰ ਦਿੱਤਾ। ਪੁਲੀਸ ਇਸ ਮਾਮਲੇ ਵਿੱਚ ਹੁਣ ਤੱਕ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਪਰ ਜਸਪਾਲ ਸਿੰਘ ਦੇ ਕਤਲ ਦੀ ਗੁੱਥੀ ਨਹੀਂ ਸੁਲਝ ਰਹੀ। ਜਸਪਾਲ ਸਿੰਘ ਦੀ ਲਾਸ਼ ਨਾ ਮਿਲਣ ਕਾਰਨ ਮਾਮਲਾ ਹੋਰ ਵੀ ਗੁੰਝਲਦਾਰ ਹੋ ਗਿਆ ਹੈ। ਵਿਸ਼ੇਸ਼ ਜਾਂਚ ਟੀਮ ਬਣੀ ਨੂੰ ਇੱਕ ਹਫ਼ਤਾ ਹੋ ਗਿਆ ਹੈ ਪਰ ਅਜੇ ਤੱਕ ਇਸ ਸਾਰੇ ਕਾਂਡ ਲਈ ਜ਼ਿੰਮੇਵਾਰ ਮੁੱਖ ਮੁਲਜ਼ਮ ਰਣਬੀਰ ਸਿੰਘ ਪੁਲੀਸ ਦੀ ਗ੍ਰਿਫ਼ਤ ਵਿੱਚ ਨਹੀਂ ਆ ਸਕਿਆ, ਜਿਸ ਕਰਕੇ ਪੁਲੀਸ ਦੀ ਜਾਂਚ ਸ਼ੱਕ ਦੇ ਘੇਰੇ ਵਿੱਚ ਆਈ ਹੋਈ ਹੈ। ਜਸਪਾਲ ਸਿੰਘ ਦੇ ਪਿਤਾ ਹਰਬੰਸ ਸਿੰਘ ਨੇ ਕਿਹਾ ਕਿ ਪੁਲੀਸ ਉਸ ਨੂੰ ਇਨਸਾਫ਼ ਦੇਣ ਲਈ ਸੰਜੀਦਾ ਨਹੀਂ ਹੈ ਤੇ ਸਰਕਾਰ ਤੇ ਪੁਲੀਸ ਸੱਚ ਛੁਪਾਉਣ ਵਿੱਚ ਲੱਗੀ ਹੋਈ ਹੈ, ਕਿਉਂਕਿ ਜਸਪਾਲ ਸਿੰਘ ਦੀ ਮੌਤ ਦਾ ਰਾਜ ਖੁੱਲ੍ਹਣ ਨਾਲ ਪੁਲੀਸ ਦੇ ਉੱਚ ਅਧਿਕਾਰੀ ਅਤੇ ਸਥਾਨਕ ਕਾਂਗਰਸੀ ਆਗੂਆਂ ਦਾ ਨਾਮ ਨਸ਼ਰ ਹੋ ਸਕਦਾ ਹੈ।