ਸੜਕਾਂ ਦੀ ਮਜ਼ਬੂਤੀ ਲਈ ਬਣਾਈਆਂ ਕੰਧਾਂ ਡਿੱਗਣ ਲੱਗੀਆਂ

06

June

2019

ਜਲੰਧਰ, ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ’ਚ ਪ੍ਰਕਾਸ਼ ਪੁਰਬ ਦੇ ਪੁਖਤਾ ਪ੍ਰਬੰਧਾਂ ਵਜੋਂ ਸੜਕਾਂ ਨੂੰ ਮਜ਼ਬੂਤ ਰੱਖਣ ਲਈ ਬਣਾਈਆਂ ਕੰਧਾਂ ਡਿੱਗਣ ਲੱਗ ਪਈਆਂ ਹਨ। ਇਹ ਕੰਧਾਂ ਡਿੱਗਣ ਨਾਲ ਲੋਕ ਨਿਰਮਾਣ ਵਿਭਾਗ ਵੱਲੋਂ ਵਰਤੀ ਜਾ ਰਹੀ ਸਮੱਗਰੀ ਦੀ ਗੁਣਵੱਤਾ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਰਾਜਸੀ ਆਗੂ ਸੱਜਣ ਸਿੰਘ ਚੀਮਾ ਨੇ ਪਹਿਲਾਂ ‘ਆਪ’ ਵਿਚ ਹੁੰਦਿਆਂ ਪਿੱਲੀਆਂ ਇੱਟਾਂ ਦੀ ਵਿਜੀਲੈਂਸ ਕੋਲੋਂ ਜਾਂਚ ਕਰਾਉਣ ਦਾ ਮੁੱਦਾ ਉਠਾਇਆ ਸੀ। ਉਹ ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਆ ਕੇ ਵੀ ਸਰਕਾਰ ਵੱਲੋਂ ਵਰਤੇ ਜਾ ਰਹੀ ਗ਼ੈਰਮਿਆਰੀ ਸਮੱਗਰੀ ਦਾ ਮੁੱਦਾ ਉਠਾ ਰਹੇ ਹਨ। ਡੱਲਾ ਤੋਂ ਸੁਲਤਾਨਪੁਰ ਲੋਧੀ ਜਾਣ ਵਾਲੀ ਸੜਕ ਨੂੰ ਲੋਕ ਨਿਰਮਾਣ ਵਿਭਾਗ ਨੇ ਲੰਮਾ ਸਮਾਂ ਇਸ ਕਰਕੇ ਬੰਦ ਕਰੀ ਰੱਖਿਆ ਕਿਉਂਕਿ ਇਸ ਦੇ ਦੋਵੇਂ ਪਾਸਿਆਂ ’ਤੇ ਡੂੰਘੀਆਂ ਨੀਹਾਂ ਪੁੱਟ ਕੇ ਕੰਧਾਂ ਬਣਾਈਆਂ ਜਾ ਰਹੀਆਂ ਸਨ। ਪਰ ਵਿਭਾਗ ਵੱਲੋਂ ਵਰਤੀਆਂ ਪਿੱਲੀਆਂ ਇੱਟਾਂ ਦੀ ਪੋਲ ਉਦੋਂ ਖੁੱਲ੍ਹ ਗਈ ਜਦੋਂ ਥੋੜ੍ਹੇ ਜਿਹੇ ਮੀਂਹ ਨਾਲ ਸੜਕ ’ਤੇ ਬਣੀ ਇਸ ਕੰਧ ਦਾ ਵੱਡਾ ਹਿੱਸਾ ਡਿੱਗ ਪਿਆ। ਡੱਲਾ ਸਾਹਿਬ ਵਾਲੇ ਪਾਸੇ ਤੋਂ ਸੁਲਤਾਨਪੁਰ ਲੋਧੀ ਵਿਚ ਦਾਖ਼ਲ ਹੋਣ ਲਈ ਲੋਕਾਂ ਨੂੰ ਦੋ ਰੇਲਵੇ ਫਾਟਕਾਂ ਤੋਂ ਲੰਘਣਾ ਪੈਂਦਾ ਹੈ। ਇਨ੍ਹਾਂ ਫਾਟਕਾਂ ’ਤੇ ਅੰਡਰਪਾਥ ਬਣਾਏ ਜਾ ਰਹੇ ਹਨ। ਦੋਵਾਂ ਫਾਟਕਾਂ ’ਤੇ ਟੋਏ ਪੁੱਟ ਦਿੱਤੇ ਗਏ ਹਨ ਜਿਸ ਨਾਲ ਲੋਕਾਂ ਨੂੰ ਹੋਰ ਵੀ ਘੁੰਮ ਕੇ ਆਉਣਾ ਪੈ ਰਿਹਾ ਹੈ। ਸੁਲਤਾਨਪੁਰ ਲੋਧੀ ਨੂੰ ਨਸੀਰੇਵਾਲ ਤੋਂ ਵਾਇਆ ਕਰਮਜੀਤਪੁਰਾ ਆਉਣ ਵਾਲੀ ਸੜਕ ਵੀ ਲੰਮੇ ਸਮੇਂ ਤੋਂ ਲਟਕੀ ਹੋਈ ਸੀ ਤੇ ਲੋਕਾਂ ਨੂੰ ਕਈ ਮਹੀਨਿਆਂ ਤੱਕ ਵਿਭਾਗ ਵੱਲੋਂ ਪੁੱਟੀ ਗਈ ਸੜਕ ਤੇ ਪਾਏ ਵੱਟਿਆਂ ਉਪਰੋਂ ਲੰਘਣਾ ਪੈਂਦਾ ਸੀ। ਹਾਲਾਂਕਿ ਇਹ ਸੜਕ ਨੂੰ ਮੁਕੰਮਲ ਕਰ ਦਿੱਤਾ ਗਿਆ ਹੈ ਪਰ ਲੋਕ ਅਜੇ ਵੀ ਇਸ ਦੀ ਗੁਣਵੱਤਾ ’ਤੇ ਸਵਾਲ ਉਠਾ ਰਹੇ ਹਨ। ਉਧਰ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਰਿੰਦਰ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਵਿਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਵਰਤੀ ਜਾ ਰਹੀ ਤੇ ਨਾ ਹੀ ਗੁਣਵੱਤਾ ਪੱਖੋਂ ਕੋਈ ਕਸਰ ਛੱਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਪ੍ਰਕਾਸ਼ ਪੁਰਬ ਤੋਂ ਪਹਿਲਾਂ ਮੁਕੰਮਲ ਕਰ ਦਿੱਤਾ ਜਾਵੇਗਾ।