Arash Info Corporation

ਯੂਟੀ ਵਿਰਾਸਤੀ ਵਸਤਾਂ ਦੀ ਪੈਰਿਸ ਵਿਚ ਨਿਲਾਮੀ

06

June

2019

ਚੰਡੀਗੜ੍ਹ, ਚੰਡੀਗੜ੍ਹ ਦੀਆਂ ਵਿਰਾਸਤੀ ਵਸਤਾਂ ਦੀ ਪੈਰਿਸ ਵਿਚ ਹੋਈ ਨਿਲਾਮੀ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਜਿਸ ਵਿਚ ਪ੍ਰਸ਼ਾਸਨ ਵੱਲੋਂ ਵਾਰ-ਵਾਰ ਜ਼ੋਰ ਦੇ ਕੇ ਕਿਹਾ ਜਾਂਦਾ ਹੈ ਕਿ ਇਹ ਨਿਲਾਮੀਆਂ ਅੱਗੇ ਤੋਂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 29 ਮਈ ਨੂੰ ਯੂਟੀ ਦੀਆਂ ਵਿਰਾਸਤੀ ਵਸਤਾਂ ਦੀ ਨਿਲਾਮੀ 66,47,250 ਰੁਪਏ ਵਿਚ ਹੋਈ। ਵੇਰਵਿਆਂ ਅਨੁਸਾਰ ਵਿਰਾਸਤੀ ਬੁੱਕ ਕੇਸ ਦੀ ਨਿਲਾਮੀ 5,05,300 ਰੁਪਏ, ਇੱਕ ਬੈਂਚ ਦੀ ਨਿਲਾਮੀ 11,66,220 ਰੁਪਏ, ਟੇਬਲ ਦੀ ਨਿਲਾਮੀ 21,77,000 ਰੁਪਏ, ਆਰਮ ਚੇਅਰ ਦੀ ਨਿਲਾਮੀ 21,77,000 ਰੁਪਏ ਅਤੇ ਚਾਰ ਕੁਰਸੀਆਂ ਦੀ ਨਿਲਾਮੀ 6,22,000 ਰੁਪਏ ਵਿਚ ਹੋਈ। ਇਸੇ ਦੌਰਾਨ ਵਿਰਾਸਤੀ ਵਸਤਾਂ ਦੀ ਰਾਖੀ ਸਬੰਧੀ ਬਣਾਈ ਗਈ ਸੰਸਥਾ ‘ਹੈਰੀਟੇਜ ਪ੍ਰੋਟੈਕਸ਼ਨ ਸੈੱਲ’ ਦੇ ਮੈਂਬਰ ਅਜੇ ਜੱਗਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ਵਿਚ ਉਪਰੋਕਤ ਨਿਲਾਮੀ ਨੂੰ ਗ਼ੈਰ-ਕਾਨੂੰਨੀ ਗਰਦਾਨਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਯੂਟੀ ਦੀਆਂ ਵਿਰਾਸਤੀ ਵਸਤਾਂ ਦੀ ਨਿਲਾਮੀ ਭਾਰਤ ਜਾਂ ਬਾਹਰਲੇ ਮੁਲਕਾਂ ਵਿਚ ਕਰਵਾਉਣ ’ਤੇ ਰੋਕ ਲਗਾਈ ਹੋਈ ਹੈ। ਇਹ ਵਿਰਾਸਤੀ ਵਸਤਾਂ ਦੀ ਡਿਜ਼ਾਈਨਿੰਗ ਚੰਡੀਗੜ੍ਹ ਦੇ ਆਰਕੀਟੈਕਟ ਲੀ ਕਾਰਬੂਜ਼ੀਏ ਵੱਲੋਂ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਵਸਤਾਂ ਦੀ ਨਿਲਾਮੀ ਭਾਰਤ ਅਤੇ ਬਾਹਰਲੇ ਦੇਸ਼ਾਂ ਵਿਚ ਬੇਰੋਕ-ਟੋਕ ਜਾਰੀ ਹੈ। ਉਨ੍ਹਾਂ ਕਿਹਾ ਕਿ ਪੈਰਿਸ ਵਿਚ ਹੋਈ ਨਿਲਾਮੀ ਬਾਰੇ ਭਾਰਤ ਸਰਕਾਰ ਆਪਣੇ ਪੱਧਰ ’ਤੇ ਜਾਂਚ ਕਰੇ।