ਜਲ ਸੰਕਟ: ਬਦਨੌਰ ਦੀ ਘੁਰਕੀ ਬੇਅਸਰ

06

June

2019

ਚੰਡੀਗੜ੍ਹ, ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਘੁਰਕੀ ਦੇ ਬਾਵਜੂਦ ਚੰਡੀਗੜ੍ਹ ਵਾਸੀ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਲੰਘੇ ਦਿਨ ਤੋਂ ਇਥੋਂ ਦੇ ਸੈਕਟਰ 21, 22, 44 ਅਤੇ 45 ਦੇ ਵਾਸੀਆਂ ਨੂੰ ਨਾਕਸ ਜਲ ਸਪਲਾਈ ਨਾਲ ਜੂਝਣਾ ਪੈ ਰਿਹਾ ਹੈ। ਇਨ੍ਹਾਂ ਸੈਕਟਰਾਂ ਵਿੱਚ ਟੂਟੀਆਂ ਸੁੱਕੀਆਂ ਪਈਆਂ ਹਨ ਅਤੇ ਛੱਤਾਂ ’ਤੇ ਰੱਖੀਆਂ ਟੈਂਕੀਆਂ ਖਾਲੀ ਪਈਆਂ ਹਨ। ਇਲਾਕਾ ਵਾਸੀਆਂ ਨੂੰ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਨਗਰ ਨਿਗਮ ਵਲੋਂ ਭੇਜੇ ਪਾਣੀ ਦੇ ਟੈਂਕਰਾਂ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਦੂਜੇ ਪਾਸੇ ਨਿਗਮ ਅਧਿਕਾਰੀ ਪਾਣੀ ਦੇ ਸੰਕਟ ਬਾਰੇ ਹਾਲਤ ਕਾਬੂ ਹੇਠ ਹੋਣ ਦੇ ਦਾਅਵੇ ਕਰ ਰਹੇ ਹਨ। ਵੇਰਵਿਆਂ ਅਨੁਸਾਰ ਲੰਘੀ ਸ਼ਾਮ ਇਥੋਂ ਦੇ ਸੈਕਟਰ 44 ਅਤੇ 45 ਵਿੱਚ ਪਾਣੀ ਦੀ ਸਪਲਾਈ ਠੱਪ ਰਹੀ। ਅੱਜ ਸਵੇਰੇ ਵੀ ਇਨ੍ਹਾਂ ਸੈਕਟਰਾਂ ਵਿੱਚ ਪਾਣੀ ਦੀ ਸਪਲਾਈ ਲਗਪਗ ਠੱਪ ਹੀ ਸੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕੁੱਝ ਦੇਰ ਲਈ ਆਏ ਪਾਣੀ ਦਾ ਪ੍ਰੈਸ਼ਰ ਬਹੁਤ ਘੱਟ ਸੀ ਅਤੇ ਉਪਰਲੀਆਂ ਮੰਜ਼ਿਲਾਂ ਤੱਕ ਪਾਣੀ ਨਹੀਂ ਪਹੁੰਚਿਆ। ਪਾਣੀ ਦੀ ਲੋੜ ਪੂਰਾ ਕਰਨ ਲਈ ਲੋਕਾਂ ਨੇ ਨਗਰ ਨਿਗਮ ਤੋਂ ਟੈਂਕਰ ਮੰਗਵਾਏ। ਨਿਗਮ ਅਨੁਸਾਰ ਅੱਜ ਸ਼ਹਿਰ ਵਿੱਚ ਦੋ ਦਰਜਨ ਦੇ ਲਗਪਗ ਪਾਣੀ ਦੇ ਟੈਂਕਰ ਭੇਜੇ ਗਏ। ਜਨ ਸਿਹਤ ਵਿਭਾਗ ਦੇ ਏਰੀਆ ਇੰਚਾਰਜ ਐੱਸਡੀਓ ਯੋਗੇਸ਼ ਅਗਰਵਾਲ ਨੇ ਦੱਸਿਆ ਕਿ ਸੈਕਟਰ-45 ਵਿੱਚ ਬੂਸਟਰ ਸਪਲਾਈ ਲਾਈਨ ਫਟ ਗਈ ਸੀ ਜਿਸ ਕਾਰਨ ਇਹ ਦਿੱਕਤ ਆਈ। ਉਨ੍ਹਾਂ ਦੱਸਿਆ ਕਿ ਇਹ ਨੁਕਸ ਠੀਕ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੈਕਟਰ-21 ਅਤੇ 22 ਵਿੱਚ ਪਾਣੀ ਦੀ ਤੋਟ ਰਹੀ। ਐੱਸਡੀਓ ਜਗਦੀਸ਼ ਸਿੰਘ ਨੇ ਦੱਸਿਆ ਕਿ ਲੰਘੇ ਦਿਨ ਹਨੇਰੀ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਸੀ ਜਿਸ ਕਾਰਨ ਇਹ ਸਮੱਸਿਆ ਆਈ ਹੈ। ਪਾਣੀ ਦੀ ਸਪਲਾਈ ਹੁਣ ਦਰੁਸਤ ਹੈ। ਇਸੇ ਤਰ੍ਹਾਂ ਸ਼ਹਿਰ ਦੇ ਕਈਂ ਹੋਰ ਸੈਕਟਰਾਂ ਤੇ ਪਿੰਡਾਂ ਵਿੱਚ ਵੀ ਪਾਣੀ ਦੀ ਕਿੱਲਤ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਕਜੌਲੀ ਪ੍ਰਾਜੈਕਟ ਮੁਕੰਮਲ ਹੋਣ ਨਾਲ ਮਿਲੇਗੀ ਵੱਡੀ ਰਾਹਤ ਨਗਰ ਨਿਗਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪਿੰਡ ਦੜੂਆ ਵਿੱਚ ਜਲ ਕਿੱਲਤ ਦੀ ਸਮੱਸਿਆ ਦਾ ਹੱਲ ਕਰ ਦਿੱਤੀ ਗਈ ਹੈ। ਪਿੰਡ ਨੂੰ ਪਾਣੀ ਦੀ ਸਪਲਾਈ ਸੈਕਟਰ-26 ਦੇ ਟਿਊਬਵੈੱਲ ਤੋਂ ਹੁੰਦੀ ਹੈ ਅਤੇ ਇਸ ਟਿਊਬਵੈਲ ਵਿੱਚ ਨੁਕਸ ਪੈਣ ਕਾਰਨ ਇਹ ਸਮੱਸਿਆ ਆਈ ਸੀ। ਇਸ ਤੋਂ ਇਲਾਵਾ ਸ਼ਹਿਰ ਨੂੰ ਨਹਿਰੀ ਪਾਣੀ ਦੇ ਨਾਲ ਨਗਰ ਨਿਗਮ ਦੇ 300 ਟਿਊਬਵੈੱਲ ਜਲ ਸਪਲਾਈ ਕਰ ਰਹੇ ਹਨ। ਇਨ੍ਹਾਂ ਟਿਊਬਵੈੱਲਾਂ ਤੋਂ ਇਲਾਵਾ 32 ਟਿਊਬਵੈੱਲ ਪ੍ਰਸ਼ਾਸਨ ਦੇ ਸਿੰਚਾਈ ਵਿਭਾਗ ਦੇ ਕੋਲ ਹਨ। ਸੰਕਟ ਦੀ ਸਥਿਤੀ ’ਚ ਇਨ੍ਹਾਂ ਟਿਊਬਵੈੱਲਾਂ ਤੋਂ ਵੀ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਨਿਗਮ ਅਧਿਕਾਰੀਆਂ ਨੇ ਦਾਅਵਾ ਕੀਤਾ ਕੇ ਕਜੌਲੀ ਪ੍ਰਾਜੈਕਟ ਦੇ ਫੇਜ਼-5 ਤੇ 6 ਨੂੰ ਛੇਤੀ ਪੂਰਾ ਕਰ ਲਿਆ ਜਾਵੇਗਾ। ਇਸ ਨਾਲ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਨਹੀਂ ਰਹੇਗੀ ਅਤੇ ਸ਼ਹਿਰ ਵਿੱਚ 24 ਘੰਟੇ ਪਾਣੀ ਦੀ ਸਪਲਾਈ ਲਾਗੂ ਕਰਨ ਦਾ ਟੀਚਾ ਵੀ ਪੂਰਾ ਕਰ ਲਿਆ ਜਾਵੇਗਾ।