ਕਿਰਨ ਖੇਰ ਨੇ ਚੰਡੀਗੜ੍ਹ ਨੂੰ ਵਿਕਾਸ ਤੋਂ ਵਾਂਝਾ ਰੱਖਿਆ: ਬਾਂਸਲ

17

May

2019

ਚੰਡੀਗੜ੍ਹ, ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਉਨ੍ਹਾਂ ਵਲੋਂ ਸ਼ੁਰੂ ਕਰਵਾਏ ਕੰਮਾਂ ਨੂੰ ਪੂਰਾ ਨਹੀਂ ਕਰਵਾਇਆ। ਉਨ੍ਹਾ ਦੋਸ਼ ਲਾਇਆ ਕਿ ਪਲੈਨੇਟੇਰੀਅਮ ਅਤੇ ਹੋਰ ਵਿਕਾਸ ਕਾਰਜਾਂ ਤੋਂ ਚੰਡੀਗੜ੍ਹ ਨੂੰ ਵਾਂਝਾ ਰੱਖਿਆ ਗਿਆ। ਸ੍ਰੀ ਬਾਂਸਲ ਅਨੁਸਾਰ ਹਕੀਕਤ ਇਹ ਹੈ ਕਿ ਖੇਰ ਦੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਚੰਡੀਗੜ੍ਹ ਦੇ ਫੰਡ ਵਿੱਚ 2000 ਕਰੋੜ ਦੀ ਕਟੌਤੀ ਹੋਈ ਹੈ। ਸਾਲ 2014-15 ਲਈ 813 ਕਰੋੜ ਰੁਪਏ ਦੇ ਬਜਟ ਨੂੰ ਘੱਟ ਕਰਕੇ 2019-20 ਲਈ ਸਿਰਫ 401 ਕਰੋੜ ਰੁਪਏ ਕਰ ਦਿੱਤਾ ਹੈ। ਇਸ ਨਾਲ ਚੰਡੀਗੜ੍ਹ ਵਿਕਾਸ ਦੇ ਮਾਮਲੇ ਵਿੱਚ ਬੁਰੀ ਤਰਾਂ ਪਛੜ ਗਿਆ ਜਦਕਿ ਕਿਰਨ ਖੇਰ ਚੰਡੀਗੜ੍ਹ ਦਾ ਅਥਾਹ ਵਿਕਾਸ ਕਰਨ ਦੇ ਦਾਅਵੇ ਕਰ ਰਹੀ ਹੈ। ਇਸੇ ਦੌਰਾਨ ਸ੍ਰੀ ਬਾਂਸਲ ਨੇ ਭਾਜਪਾ ਵੱਲੋਂ ਅੱਜ ਜਾਰੀ ਕੀਤੇ ਮੈਨੀਫੈਸਟੋ ਨੂੰ ਪੂਰੇ ਨਾ ਕੀਤੇ ਵਾਅਦਿਆਂ ਅਤੇ ਝੂਠੇ ਦਾਅਵਿਆਂ ਦਾ ਪੁਲੰਦਾ ਦੱਸਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਸ ਵਿੱਚ ਤੱਥਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਤਸਦੀਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਤਾਂ ਪਿਛਲੀ ਵਾਰ ਜਾਰੀ ਕੀਤੇ ਮੈਨੀਫੈਸਟੋ ਨੂੰ ਹੀ ਨਵੇਂ ਤਰੀਕੇ ਨਾਲ ਜਾਰੀ ਕਰ ਸਕਦੀ ਸੀ ਕਿਉਂਕਿ ਪਿਛਲੇ ਪੰਜ ਸਾਲਾਂ ਵਿੱਚ ਕੰਮ ਤਾਂ ਕੋਈ ਹੋਇਆ ਹੀ ਨਹੀਂ ਹੈ। ਉਨ੍ਹਾਂ ਮੋਨੋ ਰੇਲ, ਟ੍ਰਿਬਿਊਨ ਫਲਾਈਓਵਰ ਅਤੇ ਪਾਰਕਿੰਗ ਦਾ ਠੇਕਾ ਆਦਿ ਮਾਮਲਿਆਂ ਸਬੰਧੀ ਕਿਰਨ ਖੇਰ ਨੂੰ ਭੰਡਿਆ। ਹੁੱਡਾ ਨੇ ਕੀਤਾ ਚੋਣ ਪ੍ਰਚਾਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਇੱਥੇ ਪਲਸੋਰਾ ਅਤੇ ਸੈਕਟਰ 40 ਵਿੱਚ ਪਵਨ ਕੁਮਾਰ ਬਾਂਸਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਸ੍ਰੀ ਹੁੱਡਾ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕ ਸ੍ਰੀ ਬਾਂਸਲ ਦੇ ਵਿਕਾਸ ਕਾਰਜਾਂ ਤੋਂ ਭਲੀ-ਭਾਂਤ ਜਾਣੂ ਹਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਵਨ ਕੁਮਾਰ ਬਾਂਸਲ ਨੂੰ ਵੋਟਾਂ ਪਾਉਣ ਅਤੇ ਭਾਜਪਾ ਨੂੰ ਸ਼ਹਿਰ ਤੋਂ ਬਾਹਰ ਦਾ ਰਸਤਾ ਦਿਖਾਉਣ।