‘ਆਪ’ ਉਮੀਦਵਾਰ ਬਲਜਿੰਦਰ ਕੌਰ ਦੇ ਕਾਫ਼ਲੇ ’ਤੇ ਹਮਲਾ

13

May

2019

ਬਠਿੰਡਾ, ਆਮ ਆਦਮੀ ਪਾਰਟੀ (ਆਪ) ਦੀ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਕਾਫ਼ਲੇ ’ਤੇ ਬੀਤੀ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਹਮਲੇ ਦੀ ਕੋਸ਼ਿਸ਼ ਕਰਨ ਸਬੰਧੀ ਬਠਿੰਡਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬੀਤੀ ਦੇਰ ਰਾਤ ਬਲਜਿੰਦਰ ਕੌਰ ਦਾ ਕਾਫ਼ਲਾ ਜਦੋਂ ਬਠਿੰਡਾ ਦੇ ਹਾਜੀ ਰਤਨ ਚੌਕ ਵਿਚ ਪਹੁੰਚਿਆ ਤਾਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਗੱਡੀ ਅੱਗੇ ਸੁੱਟ ਕੇ ਕਾਫ਼ਲੇ ਨੂੰ ਰੋਕ ਦਿੱਤਾ ਅਤੇ ਪਹਿਲਾਂ ਤੋਂ ਘਾਤ ਲਗਾਈ ਬੈਠੇ ਦਰਜਨਾਂ ਨੌਜਵਾਨਾਂ ਨੇ ਜਿੱਥੇ ਵਿਧਾਇਕਾ ਦੀ ਸਰਕਾਰੀ ਗੱਡੀ ਦੇ ਸ਼ੀਸ਼ੇ ਦੀ ਭੰਨ-ਤੋੜ ਕੀਤੀ, ਉੱਥੇ ਹੀ ਉਨ੍ਹਾਂ ਦੀ ਸੁਰੱਖਿਆ ਛਤਰੀ ਵਿਚ ਤਾਇਨਾਤ ਪੁਲੀਸ ਕਰਮੀ ਰਣਦੀਪ ਸਿੰਘ ਦੀ ਵਰਦੀ ਵੀ ਪਾੜ ਦਿੱਤੀ। ਪ੍ਰੋ. ਬਲਜਿੰਦਰ ਕੌਰ ਨੇ ਇਸ ਬਾਰੇ ਐੱਸਐੱਸਪੀ ਬਠਿੰਡਾ ਨੂੰ ਜਾਣੂ ਕਰਵਾਇਆ। ਕੁਝ ਦੇਰ ਮਗਰੋਂ ਘਟਨਾ ਸਥਾਨ ’ਤੇ ਪੁੱਜੇ ਡੀਐੱਸਪੀ ਗੁਰਜੀਤ ਸਿੰਘ ਅਤੇ ਸਿਵਲ ਲਾਈਨ ਪੁਲੀਸ ਦੇ ਇੰਸਪੈਕਟਰ ਸ਼ਿਵਦੀਪ ਸਿੰਘ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਦੌਰਾਨ ਪੁਲੀਸ ਦੇ ਦੇਰੀ ਨਾਲ ਪੁੱਜਣ ’ਤੇ ਬਠਿੰਡਾ ਦਿਹਾਤੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਪ੍ਰੋ. ਬਲਜਿੰਦਰ ਕੌਰ ਅਤੇ ਉਨ੍ਹਾਂ ਦੇ ਕਾਫ਼ਲੇ ਵਿਚ ਸ਼ਾਮਲ ਸਾਥੀਆਂ ਨੇ ਧਰਨਾ ਲਗਾ ਦਿੱਤਾ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਭੜਾਸ ਕੱਢੀ। ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਕਾਫ਼ਲੇ ਦਾ ਪਹਿਲਾਂ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਪਿੱਛਾ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਚੋਣ ਕਮਿਸ਼ਨ ਅਤੇ ਐੱਸ.ਐੱਸ.ਪੀ. ਬਠਿੰਡਾ ਨੂੰ ਸ਼ਿਕਾਇਤ ਕੀਤੀ ਗਈ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ, ਵਪਾਰ ਮੰਡਲ ਦੇ ਆਗੂ ਅਨਿਲ ਠਾਕੁਰ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ‘ਆਪ’ ਦੀ ਚੜ੍ਹਤ ਅਤੇ ਪ੍ਰੋ. ਬਲਜਿੰਦਰ ਕੌਰ ਦੇ ਚੋਣ ਜਲਸਿਆਂ ਵਿਚ ਹੁੰਦੇ ਵੱਡੇ ਇਕੱਠਾਂ ਤੋਂ ਕਾਂਗਰਸ ਤੇ ਅਕਾਲੀ-ਭਾਜਪਾ ਆਗੂ ਘਬਰਾ ਗਏ ਹਨ। ਉਧਰ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿਚ ਇਹ ਘਟਨਾ ਬਲਜਿੰਦਰ ਕੌਰ ਦੇ ਗੰਨਮੈਨ ਵੱਲੋਂ ਇਕ ਮੋਟਰਸਾੲਕੀਲ ਸਵਾਰ ਦੀ ਕੁੱਟਮਾਰ ਤੋਂ ਬਾਅਦ ਲੜਾਈ ਦਾ ਰੂਪ ਧਾਰਨ ਕਰ ਗਈ ਦੱਸੀ ਜਾ ਰਹੀ ਹੈ। ਸਾਡੇ ਮੁੰਡਿਆਂ ਨੂੰ ਫਸਾਇਆ ਜਾ ਰਿਹੈ: ਮਾਪੇ