ਕਾਂਗਰਸ ਮਿਸ਼ਨ-13 ’ਚ ਸਫ਼ਲ ਨਹੀਂ ਹੋਵੇਗੀ: ਪਾਂਡੇ

13

May

2019

ਰੂਪਨਗਰ, ਲੁਧਿਆਣਾ (ਉੱਤਰੀ) ਤੋਂ ਕਾਂਗਰਸ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਪੰਜਾਬ ਵਿਚ ਸਾਰੀਆਂ 13 ਸੀਟਾਂ ਜਿੱਤਣ ਦਾ ਟੀਚਾ ਪੂਰਾ ਨਹੀਂ ਕਰ ਸਕੇਗੀ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਪੰਜਾਬ ਵਿਚ ਸਾਰੀਆਂ 13 ਸੀਟਾਂ ਜਿੱਤ ਜਾਵੇਗੀ ਪਰ ਹੁਣ ਛੇ-ਸੱਤ ਸੀਟਾਂ ਜਿੱਤਣ ਦੀ ਹੀ ਸੰਭਾਵਨਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਪੰਜਾਬ ਵਿਚ ਛੇ-ਸੱਤ ਸੀਟਾਂ ਜਿੱਤਣਾ ਹੁਕਮਰਾਨ ਕਾਂਗਰਸ ਲਈ ਝਟਕਾ ਨਹੀਂ ਹੋਵੇਗਾ ਤਾਂ ਸ੍ਰੀ ਪਾਂਡੇ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਕਾਂਗਰਸ ਤਕਰੀਬਨ ਅੱਧੀਆਂ ਸੀਟਾਂ ਜਿੱਤਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ’ਤੇ ਐਤਕੀਂ ਕਾਂਗਰਸ ਦੀ ਸਥਿਤੀ ਬਿਹਤਰ ਰਹੇਗੀ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਦੇ ਆਪਣੇ ਵਿਧਾਨ ਸਭਾ ਹਲਕੇ ਵਿਚ ਚੋਣ ਪ੍ਰਚਾਰ ਵਿਚ ਡਟੇ ਹੋਏ ਹਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਜਿੱਤ ਹੋਵੇਗੀ। ਇਹ ਹੋਰ ਸਵਾਲ ਦੇ ਜਵਾਬ ਵਿਚ ਸ੍ਰੀ ਪਾਂਡੇ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਸ੍ਰੀ ਆੰਨਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਲੁਧਿਆਣਾ ਤੋਂ ਚੋਣ ਲੜਨੀ ਚਾਹੀਦੀ ਸੀ ਕਿਉਂਕਿ ਲੁਧਿਆਣਾ ਦੇ ਸੰਸਦ ਮੈਂਬਰ ਰਹਿੰਦਿਆਂ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਸੀ ਅਤੇ ਜੇ ਉਹ ਪਿਛਲੀਆਂ ਲੋਕ ਸਭਾ ਚੋਣਾਂ ਲੁਧਿਆਣਾ ਤੋਂ ਲੜਦੇ ਤਾਂ ਰਵਨੀਤ ਸਿੰਘ ਬਿੱਟੂ ਨਾਲੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਦੇ।