ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸਨ ਰਾਜੀਵ ਗਾਂਧੀ: ਆਰਪੀ ਸਿੰਘ

13

May

2019

ਚੰਡੀਗੜ੍ਹ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਸਕੱਤਰ ਆਰਪੀ ਸਿੰਘ ਦਿੱਲੀ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਇਆ ਕਿ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ 1984 ’ਚ ਹੋਏ ਕਤਲੇਆਮ ਦੇ ਦੋਸ਼ੀਆਂ ਦੇ ਸਰਗਨਾ ਸਨ। ਆਰਪੀ ਸਿੰਘ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਮਾਤਾ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਉਨ੍ਹਾਂ (ਰਾਜੀਵ ਗਾਂਧੀ) ਦੇ ਇਸ਼ਾਰੇ ’ਤੇ ਹੀ 1984 ’ਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਦਾ ਪ੍ਰਤੱਖ ਸਬੂਤ ਹੈ ਕਿ ਸਿੱਖ ਕਤਲੇਆਮ ਦੇ ਦੋਸ਼ੀ ਸਾਰੇ ਕਾਂਗਰਸੀ ਆਗੂਆਂ ਨੂੰ ਬਾਅਦ ’ਚ ਰਾਜੀਵ ਗਾਂਧੀ ਨੇ ਉਚ ਅਹੁਦੇ ਦੇ ਕੇ ਨਿਵਾਜਿਆ ਸੀ। ਇਸ ਤੋਂ ਇਲਾਵਾ ਉਸ ਵੇਲੇ ਰਾਜੀਵ ਗਾਂਧੀ ਨੇ ਸਿੱਖ ਕਤਲੇਆਮ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਜਿਸ ਤੋਂ ਬਾਅਦ ਰਾਜੀਵ ਗਾਂਧੀ ਨੇ ਚੋਣਾਂ ’ਚ ਘੱਟ ਗਿਣਤੀਆਂ ਨੂੰ ਹਊਆ ਗਰਦਾਨ ਕੇ ਬਹੁ ਗਿਣਤੀ ਵਰਗਾਂ ਦੀਆਂ ਵੋਟਾਂ ਹਾਸਲ ਕਰਨ ਦੀ ਸਿਆਸਤ ਵੀ ਖੇਡੀ ਸੀ। ਆਰਪੀ ਸਿੰਘ ਨੇ ਇਥੇ ਭਾਜਪਾ ਦਫਤਰ ’ਚ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਤੇ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਸਣੇ ਮੀਡੀਆ ਨੂੰ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸਲਾਹਕਾਰ ਸੈਮ ਪਿਤਰੋਦਾ ਵੱਲੋਂ ਸਿੱਖ ਕਤਲੇਆਮ ਬਾਰੇ ਕੀਤੀ ਮੰਦੀ ਟਿੱਪਣੀ ਮਗਰੋਂ ਇਕ ਵਾਰ ਵੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੈਮ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਨਹੀਂ ਕੀਤੀ। ਸਿੱਖ ਕਤਲੇਆਮ ਬਾਰੇ ਬਿਆਨ ਦੇ ਕੇ ਘਿਰੇ ਪਿਤਰੋਦਾ ਐਸ.ਏ.ਐਸ. ਨਗਰ : ਨਵੰਬਰ 1984 ਦੇ ਸਿੱਖ ਕਤਲੇਆਮ ’ਤੇ ਮਿੱਟੀ ਪਾਉਣ ਸਬੰਧੀ ਮੀਡੀਆ ’ਚ ਵਿਵਾਦ ਪੂਰਨ ਬਿਆਨ ਦੇ ਕੇ ਸੀਨੀਅਰ ਕਾਂਗਰਸ ਸੈਮ ਪਿਤਰੋਦਾ ਸਿੱਖਾਂ ਤੇ ਅਕਾਲੀਆਂ ਦੇ ਨਿਸ਼ਾਨੇ ’ਤੇ ਆਏ ਗਏ ਹਨ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਕੌਰ ਲਾਂਡਰਾਂ ਤੇ ਚਰਨਜੀਤ ਸਿੰਘ ਕਾਲੇਵਾਲ ਨੇ ਕਿਹਾ ਕਿ ਮੁਹਾਲੀ ਏਅਰਪੋਰਟ ’ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਪਰਿਵਾਰਕ ਮੈਂਬਰਾਂ ਵੱਲੋਂ ਸੈਮ ਪਿਤਰੋਦਾ ਦਾ ਸਵਾਗਤ ਕਰਨ ਮਗਰੋਂ ਆਪਣੇ ਘਰ ਸੱਦ ਕੇ ਉਨ੍ਹਾਂ ਦੀ ਮੇਜ਼ਬਾਨੀ ਕਰਨ ਨਾਲ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਬੀਬੀ ਲਾਂਡਰਾਂ ਤੇ ਸ੍ਰੀ ਕਾਲੇਵਾਲ ਨੇ ਕਿਹਾ ਕਿ ਸੈਮ ਪਿਤਰੋਦਾ ਨੇ ਸਿੱਖ ਕਤਲੇਆਮ ਬਾਰੇ ਵਿਵਾਦਪੂਰਨ ਦੇ ਕੇ ਦੰਗਾ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਆਗੂਆਂ ਨੇ ਕਿਹਾ ਕਿ ਮੰਤਰੀ ਵੱਲੋਂ ਸੈਮ ਪਿਤਰੋਦਾ ਨੂੰ ਖਾਣੇ ਲਈ ਦਾਵਤ ਦੇਣ ਨੂੰ ਬਹੁਤ ਮੰਦਭਾਗੀ ਗੱਲ ਹੈ।