Arash Info Corporation

280 ਕਿਲੋ ਗਾਂਜਾ ਤੇ ਪਿਸਤੌਲ ਸਣੇ ਡਰੱਗ ਸਰਗਨਾ ਕਾਬੂ

13

May

2019

ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਨੇ ਚੰਡੀਗੜ੍ਹ ਦੇ ਇਤਹਿਾਸ ’ਚ ਸਭ ਤੋਂ ਵੱਡੀ ਡਰੱਗ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਿਸ ਤਹਿਤ ਅਪਰਾਧ ਸ਼ਾਖਾ ਦੇ ਡੀਐਸਪੀ ਸੁਖਰਾਜ ਕਟੇਵਾ, ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ ਤੇ ਸਬ ਇੰਸਪੈਕਟਰ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ 280 ਕਿਲੋ ਗਾਂਜਾ, ਇਕ .32 ਬੋਰ ਦਾ ਪਿਸਤੌਲ ਤੇ 5 ਕਾਰਤੂਸ ਬਰਾਮਦ ਕੀਤੇ ਹਨ। ਐਸਪੀ ਅਪਰਾਧ ਵਿਨੀਤ ਕੁਮਾਰ ਨੇ ਅੱਜ ਪੁਲੀਸ ਹੈਡਕੁਆਰਟਰ ’ਚ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਾਪੂ ਧਾਮ ਕਲੋਨੀ ਸੈਕਟਰ-26 ਦੇ 37 ਸਾਲਾ ਵਸਨੀਕ ਮਿੰਟੂੂ ਵਜੋਂ ਹੋਈ ਹੈ। ਉਹ ਪਹਿਲਾਂ ਸਬਜ਼ੀ ਮੰਡੀ ਸੈਕਟਰ-26 ’ਚ ਸਬਜ਼ੀ ਦੀ ਫੜ੍ਹੀ ਲਾਉਂਦਾ ਸੀ ਤੇ ਅੱਜ ਕੱਲ੍ਹ ਡਰੱਗ ਸਪਲਾਈ ਦੇ ਸਰਗਨੇ ਵਜੋਂ ਵਿਚਰ ਰਿਹਾ ਸੀ। ਐਸਪੀ ਨੇ ਦੱਸਿਆ ਕਿ ਅਪਰਾਧ ਸ਼ਾਖਾ ਦੀ ਟੀਮ ਚੋਣ ਡਿਊਟੀ ਤਹਿਤ ਆਈਟੀ ਪਾਰਕ ਦੇ ਖੇਤਰ ’ਚ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਗੁਪਤ ਸੂਚਨਾ ਮਿਲੀ ਕਿ ਮਿੰਟੂ ਨਾਂ ਦਾ ਵਿਅਕਤੀ ਨਾਜਾਇਜ਼ ਹਥਿਆਰ ਲੈ ਕੇ ਸ਼ਹਿਰ ’ਚ ਘੁੰਮ ਰਿਹਾ ਹੈ ਤੇ ਚੋਣਾਂ ਦੌਰਾਨ ਉਹ ਗੜਬੜ ਕਰਨਾ ਚਾਹੁੰਦਾ ਹੈ। ਇਸੇ ਦੌਰਾਨ ਪਤਾ ਲੱਗਾ ਕਿ ਮਿੰਟੂ ਕਿਸ਼ਨਗੜ੍ਹ ਚੌਕ ਤੋਂ ਸ਼ਾਸਤਰੀ ਨਗਰ ਲਾਈਟ ਪੁਆਇੰਟ ਵੱਲ ਸਿਲਵਰ ਰੰਗ ਦੀ ਇਨੋਵਾ ਕ੍ਰਿਸਟਾ ਕਾਰ (ਐਚਆਰ99ਏਸੀਕੇ) (ਟੀ) 4666 ਰਾਹੀਂ ਆ ਰਿਹਾ ਹੈ। ਪੁਲੀਸ ਨੇ ਤੁਰੰਤ ਕਾਰ ਨੂੰ ਘੇਰ ਲਿਆ। ਇਸ ਦੀ ਤਲਾਸ਼ੀ ਲੈਣ ’ਤੇ ਇਕ .32 ਬੋਰ ਦਾ ਪਿਸਤੌਲ ਤੇ 5 ਕਾਰਤੂਸ ਬਰਾਮਦ ਹੋਏ ਤੇ ਕਾਰ ਵਿੱਚੋਂ 14 ਬੈਗ ਬਰਾਮਦ ਹੋਏ। ਜਦੋਂ ਪੁਲੀਸ ਨੇ ਬੈਗਾਂ ’ਚ ਪਏ ਮਾਲ ਦੀ ਪੁਣਛਾਣ ਕੀਤੀ ਤਾਂ ਉਹ ਗਾਂਜਾ ਨਿਕਲਿਆ। ਸਾਰੇ ਬੈਂਗਾਂ ’ਚੋਂ 280 ਕਿਲੋ ਗਾਂਜਾ ਬਰਾਮਦ ਹੋਇਆ ਹੈ। ਪੁਲੀਸ ਵੱਲੋਂ ਕੀਤੀ ਪੁੱਛ-ਪੜਤਾਲ ਦੌਰਾਨ ਮੁਲਜ਼ਮ ਨੇ ਦੱਸਿਆ ਹੈ ਕਿ ਉਹ ਗਾਂਜਾ ਦੱਖਣੀ ਭਾਰਤ ਤੋਂ ਬੜੀ ਸਸਤੀ ਕੀਮਤ ’ਤੇ ਵੱਡੀ ਖੇਪ ’ਚ ਲੈ ਕੇ ਆਇਆ ਸੀ ਤੇ ਇਥੇ ਟਰਾਸਿਟੀ ’ਚ ਵੇਚਣਾ ਸੀ। ਮੁਲਜ਼ਮ ਨੇ ਦੱਸਿਆ ਹੈ ਕਿ ਉਸ ਨੂੰ ਇਥੇ ਗਾਂਜਾ ਵੇਚ ਕੇ 2000 ਫੀਸਦ ਮੁਨਾਫਾ ਹੋਣਾ ਸੀ। ਐਸਪੀ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਮਿੰਟੂ ਨੇ ਸਬਜ਼ੀ ਦੀ ਫੜੀ ਲਾਉਣੀ ਬੰਦ ਕਰ ਦਿੱਤੀ ਸੀ ਤੇ ਫੜੀ ਵਾਲਿਆਂ ਨੂੰ ਵਿਆਜ ’ਤੇ ਕਰਜ਼ਾ ਦਿੰਦਾ ਸੀ। ਪੁਲੀਸ ਅਨੁਸਾਰ ਮਿੰਟੂ ਦਾ ਪਿਛੋਕੜ ਅਪਰਾਧਿਕ ਹੈ। ਉਹ ਪਹਿਲਾਂ ਵੀ ਕ੍ਰਿਕਟ ’ਤੇ ਸੱਟਾ ਲਾਉਣ, ਫਸਾਦ ਕਰਨ, ਠੱਗੀਆਂ ਮਾਰਨ ਤੇ ਪ੍ਰਾਪਰਟੀ ’ਤੇ ਨਾਜਾਇਜ਼ ਕਬਜ਼ੇ ਕਰਨੇ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਆਈਟੀ ਪਾਰਕ ਥਾਣੇ ’ਚ ਮੁਲਜ਼ਮ ਵਿਰੁੱਧ ਐਨਡੀਪੀਐਸ ਐਕਟ ਦੀ ਧਾਰਾ 20 ਤੇ ਆਰਮਜ਼ ਐਕਟ ਦੀ ਧਾਰਾ 25, 54 ਤੇ 59 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਉਸ ਦਾ 6 ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।