ਕਾਂਗਰਸੀ ਵਰਕਰਾਂ ਦੇ ਕੰਮ ਨਾ ਕਰਨ ਵਾਲੇ ਅਫ਼ਸਰਾਂ ਦੀ ਖ਼ੈਰ ਨਹੀਂ: ਰੰਧਾਵਾ

03

October

2018

ਸ੍ਰੀ ਮੁਕਤਸਰ ਸਾਹਿਬ, ਕਾਂਗਰਸ ਪਾਰਟੀ ਵੱਲੋਂ 7 ਅਕਤੂਬਰ ਨੂੰ ਲੰਬੀ ਵਿਚ ਕੀਤੀ ਜਾ ਰਹੀ ਰੈਲੀ ਦੀ ਸਫ਼ਲਤਾ ਲਈ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਅਕਾਲੀ ਦਲ ਵਿੱਚ ਪੈ ਰਹੀ ਤਰੇੜ ਅਤੇ ਬਾਦਲ ਪਰਿਵਾਰ ਵੱਲੋਂ ਬੇਅਦਬੀ ਦੇ ਮੁੱਦੇ ’ਤੇ ਕੀਤੀ ਜਾ ਰਹੀ ਸਿਆਸਤ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਆਪਣੇ ਜੇਲ੍ਹ ਦੇ ਦਿਨ ਵੀ ਮਨਮਰਜ਼ੀ ਨਾਲ ਹੀ ਵਧਾ ਕੇ ਦੱਸਦੇ ਹਨ, ਜਿਸ ਬਾਰੇ ਹੁਣ ਸਰਕਾਰ ਵਿਧਾਨ ਸਭਾ ‘ਚ ਸਚਾਈ ਪੇਸ਼ ਕਰੇਗੀ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕਾਂਗਰਸੀ ਵਰਕਰਾਂ ਦੀ ਹੈ, ਕੰਮ ਅਫ਼ਸਰਾਂ ਦੇ ਨਹੀਂ, ਬਲਕਿ ਵਰਕਰਾਂ ਦੇ ਕਹਿਣ ’ਤੇ ਹੋਣਗੇ। ਜੇਕਰ ਕੋਈ ਅਫ਼ਸਰ ਅਜਿਹਾ ਨਹੀਂ ਕਰੇਗਾ ਤਾਂ ਉਸਦੀ ਖ਼ਬਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਰੈਲੀ ਫੇਲ੍ਹ ਕਰਨੀ ਹੈ, ਇਸ ਲਈ ਅਕਾਲੀਆਂ ਦੀਆਂ ਬੱਸਾਂ ਵਿਚ ਕੋਈ ਬੰਦਾ ਨਾ ਚੜ੍ਹਨ ਦਿੱਤਾ ਜਾਵੇ। ਸ੍ਰੀ ਰੰਧਾਵਾ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਰਾਜ ਵਿਚ 35 ਸੌ ਸੁਸਾਇਟੀਆਂ ਸਨ, ਜਿਨ੍ਹਾਂ ‘ਚੋਂ ਹੁਣ ਪੜਤਾਲ ਉਪਰੰਤ ਮਹਿਜ਼ 19 ਸੌ ਸੁਸਾਇਟੀਆਂ ਸਹੀ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਿੱਜੀ ਬੈਂਕ ਕਰਜ਼ਾ ਮੁਆਫੀ ਵਾਸਤੇ ਸੂਚੀਆਂ ਨਹੀਂ ਦੇ ਰਹੇ, ਜਿਸ ਕਰਕੇ ਉਨ੍ਹਾਂ ਦੀ ਮੁਆਫੀ ਦਾ ਕੰਮ ਰੁਕਿਆ ਹੋਇਆ ਹੈ ਜਦੋਂ ਕਿ ਸਹਿਕਾਰੀ ਤੇ ਸਰਕਾਰੀ ਬੈਂਕਾਂ ਦੀ ਕਰਜ਼ਾ ਮੁਆਫੀ ਦੇ ਦੋ ਗੇੜ ਪੂਰੇ ਹੋ ਗਏ ਹਨ। ਹਲਕਾ ਇੰਚਾਰਜ ਕਰਨ ਬਰਾੜ ਨੇ ਮੁਕਤਸਰ ਦੇ ਏਡੀਸੀ (ਡੀ) ’ਤੇ ਪੰਚਾਇਤ ਸਮਿਤੀ ਚੋਣਾਂ ‘ਚ ਅਕਾਲੀਆਂ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਕਾਂਗਰਸੀ ਆਗੂਆਂ ਦਾ ਦਫਤਰਾਂ ‘ਚ ਸਤਿਕਾਰ ਬਹਾਲ ਕਰਵਾਇਆ ਜਾਵੇ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ, ਹਨੀ ਫੱਤਣਵਾਲਾ, ਕਰਨਬੀਰ ਸਿੰਘ ਬਰਾੜ, ਗੁਰਸੰਤ ਸਿੰਘ ਬਰਾੜ, ਪ੍ਰਭਜੋਤ ਜਵਾਹਰੇਵਾਲਾ ਤੇ ਹੋਰਨਾਂ ਨੇ ਆਗੂਆਂ ਸਰਕਾਰੀ ਦਫਤਰਾਂ ‘ਚ ਕੰਮ ਨਾ ਹੋਣ ਦੇ ਦੁੱਖੜੇ ਰੋਏ। ਸ੍ਰੀ ਰੰਧਾਵਾ ਨੇ ਕਿਹਾ ਕਿ ਉਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ।