ਫੇਲ੍ਹ ਵਿਦਿਆਰਥੀਆਂ ਨੂੰ ਮਿਲੇਗਾ ਇਕ ਹੋਰ ਮੌਕਾ

13

May

2019

ਚੰਡੀਗੜ੍ਹ, ਯੂਟੀ ਦਾ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੇ ਕੰੰਪਾਰਟਮੈਂਟ ਦੇ ਪੇਪਰ ਦੌਰਾਨ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਆਖਰੀ ਮੌਕਾ ਦੇਵੇਗਾ। ਇਨ੍ਹਾਂ ਵਿਦਿਆਰਥੀਆਂ ਦੀ ਮਈ ਮਹੀਨੇ ਦੇ ਅਖੀਰ ਵਿਚ ਦੁਬਾਰਾ ਪ੍ਰੀਖਿਆ ਲਈ ਜਾਵੇਗੀ। ਵਿਭਾਗ ਨੇ ਇਹ ਫੈ਼ਸਲਾ ਪਿਛਲੇ ਹਫਤੇ ਫੇਲ੍ਹ ਹੋਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕੀਤੇ ਪ੍ਰਦਰਸ਼ਨਾਂ ਮਗਰੋਂ ਲਿਆ ਹੈ। ਇਸ ਸਬੰਧੀ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਫੇਲ੍ਹ ਹੋਏ ਵਿਦਿਆਰਥੀਆਂ ਬਾਰੇ ਵੇਰਵਾ ਮੰਗ ਲਿਆ ਹੈ। ਜਾਣਕਾਰੀ ਅਨੁਸਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 20-ਬੀ ਲੜਕੀਆਂ ਤੇ ਸਰਕਾਰੀ ਸਕੂਲ ਮਲੋਆ ਵਿਚ ਗਿਆਰਵੀਂ ਜਮਾਤ ਦੇ ਵੱਡੀ ਗਿਣਤੀ ਵਿਦਿਆਰਥੀ ਮਾਰਚ ਦੀ ਪ੍ਰੀਖਿਆ ਦੌਰਾਨ ਫੇਲ੍ਹ ਹੋ ਗਏ ਸਨ। ਇਨ੍ਹਾਂ ਵਿਦਿਆਰਥੀਆਂ ਦੀ ਮਈ ਦੇ ਸ਼ੁਰੂ ਵਿਚ ਕੰਪਾਰਟਮੈਂਟ ਦੀ ਪ੍ਰੀਖਿਆ ਲਈ ਗਈ ਸੀ, ਪਰ ਉਸ ਵਿਚ ਵੀ ਵੱਡੀ ਗਿਣਤੀ ਵਿਦਿਆਰਥੀ ਦੁਬਾਰਾ ਫੇਲ੍ਹ ਹੋ ਗਏ। ਸੈਕਟਰ-20 ਦੇ ਲੜਕੀਆਂ ਦੇ ਸਕੂਲ ਦੀ ਕਲਸ਼ ਨੇ ਦੱਸਿਆ ਕਿ ਉਸ ਦੇ ਸਤੰਬਰ ਵਿਚ ਇਕਨਾਮਿਕਸ ਦੇ 75 ਨੰਬਰ ਆਏ ਸਨ ਤੇ ਹੁਣ ਉਸ ਨੂੰ ਸਿਰਫ 16 ਅੰਕ ਦਿੱਤੇ ਗਏ ਹਨ, ਜਦੋਂ ਉਹ ਉਤਰ ਪੱਤਰੀਆਂ ਦੇਖਣ ਲਈ ਸਕੂਲ ਗਏ ਤਾਂ ਸਕੂਲ ਵੱਲੋਂ ਸਾਫ ਮਨ੍ਹਾ ਕਰ ਦਿੱਤਾ ਗਿਆ। ਇਸ ਸਕੂਲ ਵਿਚ ਅੰਗਰੇਜ਼ੀ ਤੇ ਇਕਨਾਮਿਕਸ ਦੇ ਜ਼ਿਆਦਾਤਰ ਵਿਦਿਆਰਥੀ ਦੁਬਾਰਾ ਫੇਲ੍ਹ ਹੋਏ ਸਨ। ਇਸੀ ਤਰ੍ਹਾਂ ਮਲੋਆ ਸਕੂਲ ਵਿਚ ਵੀ ਕੰਪਾਰਟਮੈਂਟ ਦੀ ਪ੍ਰੀਖਿਆ ਵਿਚ ਵੀ ਜ਼ਿਆਦਾਤਰ ਵਿਦਿਆਰਥੀ ਫੇਲ੍ਹ ਹੋਏ। ਇਸ ਸਕੂਲ ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਅਸੈੱਸਮੈਂਟ ਆਫ ਸਪੀਕਿੰਗ ਐਂਡ ਲਿਸਨਿੰਗ ਵਿਚ ਕਈ ਵਿਦਿਆਰਥੀਆਂ ਦੇ 10 ਨੰਬਰ ਕੱਟੇ ਗਏ ਹਨ, ਜਿਸ ਬਾਰੇ ਉਨ੍ਹਾਂ ਸਕੱਤਰੇਤ ਵਿਚ ਸ਼ਿਕਾਇਤ ਕੀਤੀ ਹੈ। ਇਸ ਤੋਂ ਇਲਾਵਾ ਪੈਰੀਫੇਰੀ ਦੇ ਹੋਰ ਸਕੂਲਾਂ ਵਿਚ ਵੀ ਗਿਆਰ੍ਹਵੀਂ ਦੀ ਕੰਪਾਰਟਮੈਂਟ ਦੀ ਪ੍ਰੀਖਿਆ ਵਿਚ ਵਿਦਿਆਰਥੀ ਫੇਲ੍ਹ ਹੋਏ ਹਨ। ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਸਕੂਲਾਂ ਤੇ ਮਾਪਿਆਂ ਵੱਲੋਂ ਇਸ ਸਬੰਧੀ ਸ਼ਿਕਾਇਤਾਂ ਮਿਲੀਆਂ ਹਨ, ਜਿਸ ਬਾਰੇ ਅੰਤਿਮ ਫੈ਼ਸਲਾ ਡਾਇਰੈਕਟਰ ਸਕੂਲ ਐਜੂਕੇਸ਼ਨ ਲੈਣਗੇ। ਸਕੂਲਾਂ ਤੋਂ ਵੇਰਵਾ ਮੰਗਿਆ: ਡੀਈਓ ਜ਼ਿਲ੍ਹਾ ਸਿੱਖਿਆ ਅਫਸਰ ਅਨੂਜੀਤ ਕੌਰ ਨੇ ਦੱਸਿਆ ਕਿ ਕੰਪਾਰਟਮੈਂਟ ਦੀ ਪ੍ਰੀਖਿਆ ਵਿਚ ਫੇਲ੍ਹ ਹੋਏ ਵਿਦਿਆਰਥੀਆਂ ਬਾਰੇ ਸਕੂਲਾਂ ਤੋਂ ਵੇਰਵੇ ਮੰਗੇ ਗਏ ਹਨ ਤੇ ਉਨ੍ਹਾਂ ਨੂੰ ਇਕ ਹੋਰ ਮੌਕਾ ਦਿੱਤਾ ਜਾਵੇਗਾ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਸਿਰਫ ਇਕ ਹੀ ਮੌਕਾ ਦਿੱਤਾ ਜਾਵੇਗਾ ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕਈ ਅਧਿਆਪਕਾਂ ਬਾਰੇ ਕੀਤੀਆਂ ਸ਼ਿਕਾਇਤਾਂ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਸਰਕਾਰੀ ਸਕੂਲ 20-ਬੀ ਵਿਚ ਜਲਦ ਲੱਗਣਗੇ ਸੀਸੀਟੀਵੀ ਕੈਮਰੇ ਸਰਕਾਰੀ ਸਕੂਲ ਸੈਕਟਰ-20 ਵਿਚ ਪ੍ਰਦਰਸ਼ਨ ਕਰ ਰਹੇ ਮਾਪਿਆਂ ਨੇ ਦੋਸ਼ ਲਾਇਆ ਸੀ ਕਿ ਸਕੂਲ ਦੀ ਅਧਿਆਪਕਾ ਠੀਕ ਤਰ੍ਹਾਂ ਪੜ੍ਹਾਉਂਦੀ ਹੀ ਨਹੀਂ ਸੀ, ਜਿਸ ਦੀ ਕੈਮਰਿਆਂ ਰਾਹੀਂ ਜਾਂਚ ਹੋਣੀ ਜ਼ਰੂਰੀ ਹੈ ਪਰ ਇਸ ਸਕੂਲ ਵਿਚ ਕੈਮਰਿਆਂ ਦੀ ਅਣਹੋਂਦ ਹੈ। ਇਹ ਸ਼ਿਕਾਇਤ ਮਿਲਣ ਤੋਂ ਬਾਅਦ ਵਿਭਾਗ ਨੇ ਹੁਣ ਜਲਦੀ ਕੈਮਰੇ ਲਗਾਉਣ ਦਾ ਭਰੋਸਾ ਦਿੱਤਾ ਹੈ। ਪ੍ਰਿੰਸੀਪਲ ਮਨੀਤਾ ਨੇ ਕਿਹਾ ਕਿ ਉਨ੍ਹਾਂ ਕੈਮਰੇ ਲਗਾਉਣ ਲਈ ਵਿਭਾਗ ਨੂੰ ਕਈ ਵਾਰ ਪੱਤਰ ਲਿਖੇ ਹਨ।