ਪੰਚਕੂਲਾ ਜ਼ਿਲ੍ਹੇ ਦੇ ਪਿੰਡ ਗੁਮਥਲਾ ’ਚ ਕੋਈ ਵੋਟ ਨਹੀਂ ਪਈ

13

May

2019

ਪੰਚਕੂਲਾ, ਪੰਚਕੂਲਾ ਜ਼ਿਲ੍ਹੇ ਦੇ ਪਿੰਡ ਗੁਮਥਲਾ ’ਚ ਅੱਜ ਕਿਸੇ ਨੇ ਇੱਕ ਵੀ ਵੋਟ ਨਹੀਂ ਪਾਈ| ਹੇਠਲੇ ਪੱਧਰ ਦੇ ਕਈ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਉਹ ਨੋਟਾਂ ’ਤੇ ਵੋਟ ਪਾਉਣ ਪਰ ਕਿਸੇ ਨੇ ਨਹੀਂ ਪਾਈ| ਪਿੰਡ ਦੇ ਲੋਕਾਂ ਵਿੱਚ ਜਸਵੰਤੀ ਦੇਵੀ, ਕੁਲਵਿੰਦਰ ਕੌਰ, ਸੀਮਾ, ਵਿੱਦਿਆ, ਕਰਮੋ ਦੇਵੀ, ਸੰਦੀਪ ਕੁਮਾਰ, ਰੂਪ ਲਾਲ, ਪਿਆਰਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ’ਚ ਇੱਕ ਵੀ ਸਹੂਲਤ ਨਹੀਂ ਦਿੱਤੀ ਗਈ| ਉਨ੍ਹਾਂ ਦੱਸਿਆ ਕਿ ਨਾ ਪਿੰਡ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ| ਟੈਂਕਰਾਂ ਤੋਂ ਪਾਣੀ ਮੰਗਵਾਉਣਾ ਪੈਂਦਾ ਹੈ| ਪੰਚਕੂਲਾ ਨੂੰ ਜਾਂਦੀ ਦਸ ਕਿਲੋਮੀਟਰ ਦੀ ਸੜਕ ਟੁੱਟੀ ਪਈ ਹੈ| ਬਰਸਾਤਾਂ ’ਚ ਨਦੀ ਚੜ੍ਹ ਆਉਂਦੀ ਹੈ ਤੇ ਕਈ ਕਈ ਮਹੀਨੇ ਨਦੀ ਪਾਰ ਨਾ ਹੋਣ ਕਾਰਨ ਬੱਚੇ ਸਕੂਲ ਜਾਣ ਤੋਂ ਬੈਠੇ ਰਹਿੰਦੇ ਹਨ| ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਪਰ ਚਾਰ ਸਾਲਾਂ ਤੋਂ ਬੰਦ ਪਿਆ ਹੈ| ਪਿੰਡ ਦੇ ਲੋਕਾਂ ਨੇ ਦੱਸਿਆ ਪਿੰਡ ’ਚ ਕੋਈ ਟਰਾਂਸਫਾਰਮ ਨਹੀਂ ਹੈ| ਕਈ ਕਈ ਦਿਨ ਲੋਕ ਬਿਜਲੀ ਤੋਂ ਬਿਨਾਂ ਹੀ ਰਹਿੰਦੇ ਹਨ। ਇਸ ਪਿੰਡ ਦੇ ਲੋਕਾਂ ਨੇ ਸਪਸ਼ਟ ਕੀਤਾ ਕਿ ਉਹ ਅੱਗੇ ਵਿਧਾਨ ਸਭਾ ਦੀਆਂ ਚੋਣਾਂ ਤੇ ਪੰਚਕੂਲਾ ਨਗਰ ਨਿਗਮ ਦੀਆਂ ਚੋਣਾਂ ਦਾ ਵੀ ਬਾਈਕਾਟ ਕਰਨਗੇ| ਲੋਕਾਂ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਕਿਸੇ ਨੇ ਵੀ ਇਸ ਪਿੰਡ ਦੀ ਸਾਰ ਨਹੀਂ ਲਈ| ਇਸ ਪਿੰਡ ਨੂੰ ਸਰਕਾਰੀ ਗੈਰ ਸਰਕਾਰੀ ਕੋਈ ਲੋਕਲ ਬੱਸ ਸੇਵਾ ਨਹੀਂ ਹੈ। ਪੰਚਕੂਲਾ ਤੱਕ ਦਸ ਕਿਲੋਮੀਟਰ ਦਾ ਰਸਤਾ ਤੈਅ ਕਰਨ ਲਈ ਪਿੰਡ ਵਾਲਿਆਂ ਨੂੰ ਡੇਢ ਸੌ ਰੁਪਏ ਆਟੋ ਰਿਕਸ਼ਾ ਵਾਲਿਆਂ ਨੂੰ ਦੇਣੇ ਪੈਂਦੇ ਹਨ| ਕਈ ਵੋਟਿੰਗ ਮਸ਼ੀਨਾਂ ਖਰਾਬ ਹੋਈਆਂ ਪੰਚਕੂਲਾ ਵਿੱਚ ਅੱਜ ਸਵੇਰੇ ਵੋਟਾਂ ਪਾਉਣ ਦਾ ਕੰਮ ਜਿਵੇਂ ਹੀ ਸ਼ੁਰੂ ਹੋਇਆ ਤਾਂ ਸੈਕਟਰ-12, ਸੈਕਟਰ-19 , ਐਮਡੀਸੀ ਸੈਕਟਰ-4 ਤੇ ਡੀਏਵੀ ਸੈਕਟਰ-8 ਦੇ ਪੋਲਿੰਗ ਸਟੇਸ਼ਨ ਵਿੱਚ ਮਸ਼ੀਨਾਂ ਖਰਾਬ ਹੋ ਗਈਆਂ| ਇਨ੍ਹਾਂ ਨੂੰ ਥੋੜ੍ਹੀ ਦੇਰ ਬਾਅਦ ਬਦਲਿਆ ਗਿਆ| ਇਸੇ ਤਰ੍ਹਾਂ ਦੋ ਵਾਰੀ ਈਵੀਐੱਮ ਬਦਲੀ ਗਈ ਤੇ ਇੱਕ ਘੰਟੇ ਤੱਕ ਰੌਲਾ ਪੈਂਦਾ ਰਿਹਾ। ਮੌਕੇ ’ਤੇ ਡਿਪਟੀ ਕਮਿਸ਼ਨਰ ਬਲਕਾਰ ਸਿੰਘ ਜ਼ੋਨਲ ਅਫਸਰ ਆਸ਼ੂਤੋਸ ਰਾਜਨ ਡਿਪਟੀ ਕਮਿਸ਼ਨਰ ਪੁਲੀਸ ਕਮਲਦੀਪ ਗੋਇਲ ਪਹੁੰਚੇ ਤੇ ਲੋਕਾਂ ਨੂੰ ਸ਼ਾਂਤ ਕੀਤਾ| ਪੰਚਕੂਲਾ ਪ੍ਰਸ਼ਾਸਨ ਨੇ ਇਨ੍ਹਾਂ ਵੋਟਾਂ ਲਈ ਸਾਢੇ ਸੌਲਾਂ ਸੌ ਮੁਲਾਜ਼ਮਾਂ ਦੀ ਡਿਊਟੀ ਲਾਈ ਸੀ| ਪੰਚਕੂਲਾ ਦੇ ਸ਼ਹਿਰੀ ਖੇਤਰ ’ਚ 24 ਵਧੇਰੇ ਸੰਵੇਦਨਸ਼ੀਲ ਬੂਥ ਐਲਾਨੇ ਹੋਏ ਸਨ ਜਦੋਂਕਿ ਕਾਲਕਾ ਤੇ ਆਸ ਪਾਸ ਦੇ ਇਲਾਕੇ ’ਚ 8 ਵਧੇਰੇ ਸੰਵੇਦਨਸ਼ੀਲ ਬੂਥ ਐਲਾਨੇ ਸਨ|