ਨਾਮੀ ਕਬੱਡੀ ਖਿਡਾਰੀ ਦੀ ਮੌਤ - ਕਬੱਡੀ ਜਗਤ 'ਚ ਫੈਲਿਆ ਸੋਗ

13

May

2019

ਮੋਹਾਲੀ, 13 ਮਈ 2019 - ਨਾਮੀ ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਬੀਤੇ ਦਿਨੀਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦੇਹਾਂਤ ਹੋ ਗਿਆ। ਬਿੱਟੂ ਦੀ ਲੰਘੀ 16 ਅਪ੍ਰੈਲ ਨੂੰ ਦਿਮਾਗ ਦੀ ਨਾੜੀ ਫਟ ਗਈ ਸੀ ਤੇ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ। ਬਿੱਟੂ ਦੀ ਮ੍ਰਿਤਕ ਦੇਹ ਅੱਜ ਸਵੇਰੇ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਦੁਗਾਲ ਵਿਖੇ ਪੁੱਜੇਗੀ ਤੇ ਜਿਥੇ ਉਸਦਾ ਅੰਤਿਮ ਸਸਕਾਰ ਕੀਤਾ ਜਾਏਗਾ। ਬਿੱਟੂ ਦੀ ਮੌਤ ਦੀ ਖਬਰ ਨਾਲ ਪੂਰੇ ਪੰਜਾਬ ਤੇ ਉਸਦੇ ਕਬੱਡੀ ਪ੍ਰੇਮੀਆਂ 'ਚ ਸੋਗ ਦੀ ਲਹਿਰ ਫੈਲ ਗਈ ਹੈ। ਕੌਣ ਸੀ ਬਿੱਟੂ ਦੁਗਾਲ ? ਬਿੱਟੂ ਦਾ ਅਸਲ ਨਾਂਅ ਨਰਿੰਦਰ ਸਿੰਘ ਸੀ। ਪਰ ਕਬੱਡੀ ਖਿਡਾਰੀ ਵਜੋਂ ‘ਬਿੱਟੂ ਦੁਗਾਲ’ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਬਿੱਟੂ ਇੱਕ ਆਮ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਨੌਜਵਾਨ ਸੀ ਜਿਸ ਨੇ ਕਬੱਡੀ ਦੇ ਖੇਤਰ ਵਿਚ ਪੈਰ ਪਾਇਆ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 2003 'ਚ ਪਹਿਲੀ ਵਾਰ ਇੰਗਲੈਂਡ ਤੇ 2004 ਆਪਣੀ ਖੇਡ ਦੇ ਬਲਬੂਤੇ ਕੈਨੇਡਾ ਦਾ ਦੌਰਾ ਕੀਤਾ। ਕਬੱਡੀ ਦੇ ਖੇਤਰ ‘ਚ ਉਹ ਧਰੂ ਤਾਰੇ ਵਾਂਗੂ ਉਸ ਵਕਤ ਚਮਕ ਕੇ ਸਾਹਮਣੇ ਆਇਆ ਜਦੋਂ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਵਿਸ਼ਵ ਕਬੱਡੀ ਕੱਪ ਕਰਵਾਇਆ ਗਿਆ। ਵਿਸ਼ਵ ਕੱਪ 'ਚ ਉਸ ਦੇ ਪ੍ਰਦਰਸ਼ਨ ਨੇ ਬਿੱਟੂ ਦੁਗਾਲ ਨੂੰ ਵੱਖਰੀ ਪਛਾਣ ਦਿਵਾਈ ਤੇ ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਉਸ ਨੂੰ ਮੰਡੀ ਬੋਰਡ ‘ਚ ਸਰਕਾਰੀ ਨੌਕਰੀ 'ਤੇ ਨਿਯੁਕਤ ਕੀਤਾ ਗਿਆ ਸੀ।