ਬਾਂਸਲ ਨੇ ਮੈਨੀਫੈਸਟੋ ’ਚ ਵਾਅਦਿਆਂ ਦੀ ਲਗਾਈ ਝੜੀ

09

May

2019

ਚੰਡੀਗੜ੍ਹ, ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਅੱਜ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਕਿ ਜੇ ਉਹ ਸੰਸਦ ਮੈਂਬਰ ਬਣੇ ਤਾਂ ਵੀਆਈਪੀ ਕਲਚਰ ਦਾ ਤਿਆਗ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਅੱਜ ਕਾਂਗਰਸ ਭਵਨ ਵਿਚ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਕਿ ਜਿੱਤਣ ਦੀ ਸੂਰਤ ਵਿਚ ਉਹ ਨੀਂਹ ਪੱਥਰਾਂ ਉਪਰ ਆਪਣਾ ਨਾਮ ਨਹੀਂ ਲਿਖਵਾਉਣਗੇ ਅਤੇ ਨਾ ਹੀ ਖੁਦ ਉਦਘਾਟਨਾਂ ਦੀਆਂ ਰਸਮਾਂ ਨਿਭਾਉਣਗੇ। ਉਨ੍ਹਾਂ ਕਿਹਾ ਕਿ ਐਮਪੀ ਫੰਡ ਨਾਲ ਹੋਣ ਵਾਲੇ ਨਿਰਮਾਣ ਅਤੇ ਹੋਰ ਉਦਘਾਟਨਾਂ ਦੀ ਰਸਮ ਉਹ ਖੁਦ ਕਰਨ ਦੀ ਥਾਂ ਸ਼ਹਿਰ ਦੇ ਸਨਮਾਨਯੋਗ ਸੀਨੀਅਰ ਨਾਗਰਿਕਾਂ, ਸਾਹਿਤਕਾਰਾਂ, ਖਿਡਾਰੀਆਂ ਆਦਿ ਕੋਲੋਂ ਕਰਵਾਉਣਗੇ। ਇਸ ਤੋਂ ਇਲਾਵਾ ਨੀਂਹ ਪੱਥਰਾਂ ਉਪਰ ਵੀ ਸ਼ਹਿਰ ਦੀਆਂ ਸਨਮਾਨਯੋਗ ਸ਼ਖ਼ਸੀਅਤਾਂ ਦੇ ਨਾਮ ਹੀ ਉਕਰੇ ਜਾਣਗੇ ਅਤੇ ਜਨਤਕ ਸਮਾਗਮਾਂ ਵਿਚ ਫਜ਼ੂਲ ਖਰਚੀ ਤੇ ਦਿਖਾਵੇ ਤੋਂ ਗੁਰੇਜ਼ ਕੀਤਾ ਜਾਵੇਗਾ। ਉਹ ਆਪਣੀ ਨਿੱਜੀ ਕਾਰ ਉਪਰ ਸੰਸਦ ਮੈਂਬਰ ਦਾ ਝੰਡਾ ਵੀ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਦੀ ਜਵਾਬਦੇਹੀ ਤੈਅ ਕਰਦਿਆਂ ਹਰੇਕ ਮਾਮਲੇ ਦੀ ਰਿਪੋਰਟ ਵੈਬਸਾਈਟ ’ਤੇ ਜਨਤਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਹਰਮੋਹਨ ਧਵਨ 22 ਪਿੰਡਾਂ ਦੀਆਂ ਪੰਚਾਇਤਾਂ ਦੀ ਬਹਾਲੀ ਕਰਨ ਦਾ ਵਾਅਦਾ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿਉਂਕਿ ਹੁਣ ਇਹ ਸੰਭਵ ਨਹੀਂ ਹੈ। ਸ੍ਰੀ ਬਾਂਸਲ ਨੇ ਵਾਅਦਾ ਕੀਤਾ ਕਿ ਪੈਰੀਫੇਰੀ ਕੰਟਰੋਲ ਐਕਟ ਵਿਚ ਰਾਹਤ ਦਿਵਾਈ ਜਾਵੇਗੀ ਅਤੇ ਪਿੰਡਾਂ ਨੂੰ ਸੈਕਟਰਾਂ ਵਾਲੀਆਂ ਸਹੂਲਤਾਂ ਦਿਵਾ ਕੇ ਟੂਰਿਸਟ ਸਥਾਨਾਂ ਵਾਗ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਆਪਣੇ ਮੈਨੀਫੈਸਟੋ ਵਿਚ ਹਿੰਦੀ ਤੇ ਅੰਗਰੇਜ਼ੀ ਵਾਂਗ ਪੰਜਾਬੀ ਨੂੰ ਵੀ ਯੂਟੀ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਦਾ ਵਾਅਦਾ ਕੀਤਾ ਹੈ। ਸ੍ਰੀ ਬਾਂਸਲ ਨੇ ਅੱਜ ਆਪਣਾ ਮੈਨੀਫੈਸਟੋ ਅੰਗਰੇਜ਼ੀ ਤੇ ਹਿੰਦੀ ਨੇ ਨਾਲ ਪੰਜਾਬੀ ਵਿਚ ਵੀ ਜਾਰੀ ਕੀਤਾ। ਦੱਸਣਯੋਗ ਹੈ ਕਿ 3 ਮਈ ਨੂੰ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਸ੍ਰੀ ਬਾਂਸਲ ਸਮੇਤ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਤੇ ਸ੍ਰੀ ਧਵਨ ਨੂੰ ਇਕੋ ਸਟੇਜ ’ਤੇ ਬੁਲਾ ਕੇ ਉਨ੍ਹਾਂ ਨੂੰ ਇਸ ਮੁੱਦੇ ਉਪਰ ਆਪਣਾ ਨਜ਼ਰੀਆ ਸਪੱਸ਼ਟ ਕਰਨ ਲਈ ਕਿਹਾ ਸੀ। ਇਸ ਦੌਰਾਨ ਤਿੰਨਾਂ ਉਮੀਦਵਾਰਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਸਨ ਅਤੇ ਉਨ੍ਹਾਂ ਨੇ ਜਨਤਕ ਤੌਰ ’ਤੇ ਪੰਜਾਬੀ ਨੂੰ ਇਥੋਂ ਦੀ ਸਰਕਾਰੀ ਭਾਸ਼ਾ ਬਣਾਉਣ ਦਾ ਐਲਾਨ ਕੀਤਾ ਸੀ। ਸ੍ਰੀ ਬਾਂਸਲ ਨੇ ਦੋਸ਼ ਲਾਇਆ ਕਿ ਕਿਰਨ ਵੱਲੋਂ ਟ੍ਰਿਬਿਉੂਨ ਚੌਕ ’ਤੇ ਫਲਾਈਓਵਰ ਬਣਾਉਣ ਦੇ ਰਖਵਾਏ ਨੀਂਹ ਪੱਥਰ ਦੀ ਨੀਂਹ ਤਕਨੀਕੀ ਤੌਰ ’ਤੇ ਨੁਕਸਦਾਰ ਹੈ ਕਿਉਂਕਿ ਇਸ ਦਾ ਡਿਜ਼ਾਈਨ ਠੀਕ ਨਹੀਂ ਬਣਾਇਆ ਗਿਆ। ਉਨ੍ਹਾਂ ਹਰੇਕ ਸੈਕਟਰ ਵਿਚ ਕਮਿਊਨਿਟੀ ਸੈਂਟਰ ਬਣਾ ਕੇ ਇਨ੍ਹਾਂ ਦਾ ਨਾਮ ‘ਮਿਲਨ’ ਰਖਣ ਦਾ ਵਾਅਦਾ ਵੀ ਕੀਤਾ। ਸ੍ਰੀ ਬਾਂਸਲ ਨੇ ਮੈਨੀਫੈਸਟੋ ਵਿਚ ਮੁਲਾਜ਼ਮਾਂ, ਵਪਾਰੀਆਂ, ਸਾਬਕਾ ਫੌਜੀਆਂ, ਅੰਗਹੀਣ, ਵਕੀਲਾਂ, ਕਲੋਨੀਆਂ ਦੇ ਵਸਨੀਕਾਂ ਲਈ ਵੀ ਕਈ ਵਾਅਦੇ ਕੀਤੇ ਹਨ। ਉਨ੍ਹਾਂ ਸੈਕਟਰ-17 ਦੀ ਮਾਰਕੀਟ, ਸੁਖਨਾ ਝੀਲ, ਉਦਯੋਗਿਕ ਖੇਤਰ, ਟਰਾਂਸਪੋਰਟ ਖੇਤਰ ਆਦਿ ਨੂੰ ਸਹੂਲਤਾਂ ਦੇਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਪਾਰਕਾਂ ਨੂੰ ਨਵੀਂ ਦਿੱਖ ਦੇਣ ਬਾਰੇ ਵੀ ਵਾਅਦੇ ਕੀਤੇ। ਸ੍ਰੀ ਬਾਂਸਲ ਨੇ ਸੀਨੀਅਰ ਨਾਗਰਿਕਾਂ ਅਤੇ ਨੌਜਵਾਨਾਂ ਲਈ ਨਵੀਆਂ ਯੋਜਨਾਵਾਂ ਤਿਆਰ ਕਰਨ ਤੇ ਸ਼ਹਿਰ ਨੂੰ ਅਪਰਾਧ-ਮੁਕਤ ਕਰਨ ਵਾਅਦਾ ਵੀ ਕੀਤਾ।